ਸਿੱਖ ਇਤਿਹਾਸ ਤੇ ਫ਼ਿਲਮ ਕਿਓਂ ਨਹੀ ਬਣਨੀ ਚਾਹਿਦੀ


ਅੱਜ ਦੇ ਸਮੇਂ ਵਿੱਚ ਸਿੱਖ ਕੌਮ ਦਾ ਇੱਕ ਬਹੁਤ ਵੱਡਾ ਹਿੱਸਾ ਇਹ ਮਹਿਸੂਸ ਕਰਦਾ ਹੈ ਕਿ ਸਿੱਖ ਇਤਿਹਾਸ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਫਿਲਮਾਂ ਬਣਾਉਣਾ ਸਭ ਤੋਂ ਵਧੀਆ ਅਤੇ ਆਧੁਨਿਕ ਤਰੀਕਾ ਹੈ। ਖਾਸ ਕਰਕੇ ਨਵੀਂ ਪੀੜ੍ਹੀ ਨੂੰ ਆਪਣੇ ਸ਼ਾਨਦਾਰ ਇਤਿਹਾਸ ਨਾਲ ਜੋੜਨ ਲਈ ਬਹੁਤ ਸਾਰੇ ਲੋਕ ਫਿਲਮਾਂ ਬਣਾਉਣ ਦੇ ਪੂਰੇ ਹੱਕ ਵਿੱਚ ਦਿਖਾਈ ਦਿੰਦੇ ਹਨ। ਪਰ ਫਿਲਮਾਂ ਦੇ ਇਸ ਉਤਸ਼ਾਹ ਵਿੱਚ, ਸਾਡੀ ਕੌਮ ਦਾ ਇਹ ਹਿੱਸਾ ਉਨ੍ਹਾਂ ਵੱਡੇ ਖ਼ਤਰਿਆਂ ਤੋਂ ਬਿਲਕੁਲ ਅਣਜਾਣ ਹੈ ਜੋ ਸਿਨੇਮੇ ਦੇ ਪਰਦੇ ਕਾਰਨ ਸਾਡੇ ਪਵਿੱਤਰ ਇਤਿਹਾਸ ਅਤੇ ਸਿਧਾਂਤਾਂ ਨੂੰ ਲੱਗ ਸਕਦੇ ਹਨ।


​ਆਮ ਲੋਕਾਂ ਨੂੰ ਲੱਗਦਾ ਹੈ ਕਿ ਫਿਲਮਾਂ ਰਾਹੀਂ ਇਤਿਹਾਸ ਦਾ ਪ੍ਰਚਾਰ ਸੌਖਾ ਹੋ ਜਾਵੇਗਾ, ਪਰ ਉਹ ਇਸ ਸੱਚਾਈ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਕਿ ਫਿਲਮ ਇੰਡਸਟਰੀ ਦਾ ਮੁੱਖ ਮਕਸਦ ਵਪਾਰ ਅਤੇ ਮੁਨਾਫ਼ਾ ਕਮਾਉਣਾ ਹੁੰਦਾ ਹੈ।


ਆਖਿਰ ਕਿਉਂ ਇਸ ਗੱਲ ਉੱਤੇ ਇਹਨਾਂ ਵਿਵਾਦ ਛਿੜ ਰਿਹਾ ਹੈ ?

ਕਈ ਸਾਡੇ ਹੀ ਭੈਣ ਭਰਾ ਇਸ ਗੱਲ਼ ਉੱਤੇ ਸਾਡੇ ਹੀ ਖ਼ਿਲਾਫ਼ ਖੜੇ ਹੋ ਗਏ ਹਨ ਜਿਸਦਾ ਸਿੱਧਾ ਸਿੱਧਾ ਫ਼ਾਇਦਾ ਸਟੇਟ ਨੂੰ ਹੋ ਰਿਹਾ ਹੈ

ਸਦੀਆਂ ਤੋਂ ਸਾਡਾ ਇਤਿਹਾਸ ਸਾਖੀਆਂ ਰਾਹੀਂ, ਕਵੀਸ਼ਰ, ਢਾਡੀਆਂ, ਸ਼ਹੀਦੀ ਸਮਾਗਮਾਂ ਰਾਹੀਂ ਪੀੜ੍ਹੀ ਦਰ ਪੀੜ੍ਹੀ ਚਲਦਾ ਆਇਆ ਹੈ ਸਾਡੇ ਦਾਦੇ ਹੋਰਾਂ -ਤੱਕ ਇਤਿਹਾਸ ਸਾਖੀਆਂ ਰਾਹੀਂ ਪਹੁੰਚਿਆ 

ਫ਼ਿਰ ਹੁਣ ਫਿਲਮਾਂ ਦੀ ਜ਼ਰੂਰਤ ਕਿਓਂ ਪਈ। ਇਸਦੇ ਕਸੂਰਵਾਰ ਕੋਈ ਇੱਕ ਨਹੀਂ ਬਲਕਿ ਸਾਰੀ ਕੌਮ ਹੀ ਹੈ ਕਿਉਂਕਿ ਅਸੀਂ ਅਵੇਸਲੇ ਹੋ ਗਏ।

ਸਾਡੇ ਪੁਰਖਿਆਂ ਨੂੰ ਇਸ ਆਉਣ ਵਾਲੇ ਖਤਰੇ ਦਾ ਪਤਾ ਸੀ ਇਸ ਲਈ ਉਹਨਾਂ ਨੇ 1934 ਵਿੱਚ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਪਾਸ ਕਰ ਦਿੱਤਾ ਗਿਆ ਸੀ ਅਤੇ ਫ਼ਿਰ 1945 ਵਿੱਚ ਸਿੱਖ ਰਹਿਤ ਮਰਿਯਾਦਾ ਵਿੱਚ ਵੀ ਇਹ ਸਪਸ਼ਟ ਕੀਤਾ ਗਿਆ। ਜਿਸ ਨੂੰ 28 ਦਸੰਬਰ 2025 ਵਿੱਚ ਅੱਪਡੇਟ ਕੀਤਾ ਗਿਆ, ਜੋ ਕਿ ਇਸ ਪ੍ਰਕਾਰ ਹੈ:

ਸਖ਼ਤ ਮਨਾਹੀ

ਇਸ ਦੁਆਰਾ ਸਪੱਸ਼ਟ ਅਤੇ ਸਪੱਸ਼ਟ ਤੌਰ 'ਤੇ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਕੋਈ ਵੀ ਫ਼ਿਲਮ, ਫੀਚਰ ਫ਼ਿਲਮ, ਛੋਟੀਆਂ ਫ਼ਿਲਮਾਂ, ਐਨੀਮੇਸ਼ਨ ਫ਼ਿਲਮਾਂ, ਵੈੱਬ ਸੀਰੀਜ਼, ਦਸਤਾਵੇਜ਼ੀ, ਏਆਈ-ਤਿਆਰ ਕੀਤੇ ਵੀਡੀਓ, ਡਿਜੀਟਲ ਰੂਪ ਵਿੱਚ ਬਦਲੇ ਹੋਏ ਵਿਜ਼ੂਅਲ, ਡੀਪਫੇਕ ਸਮੱਗਰੀ, ਜਾਂ ਕੋਈ ਹੋਰ ਵਿਜ਼ੂਅਲ ਜਾਂ ਆਡੀਓ-ਵਿਜ਼ੂਅਲ ਸਮੱਗਰੀ ਤਿਆਰ, ਪ੍ਰਕਾਸ਼ਿਤ, ਪ੍ਰਸਾਰਿਤ, ਸਟ੍ਰੀਮ, ਪ੍ਰਸਾਰਿਤ, ਜਾਂ ਮੁਦਰੀਕਰਨ ਨਹੀਂ ਕੀਤਾ ਜਾਵੇਗਾ ਜੋ ਹੇਠ ਲਿਖਿਆਂ ਵਿੱਚੋਂ ਕਿਸੇ ਨੂੰ ਦਰਸਾਉਂਦੀ, ਦਰਸਾਉਂਦੀ, ਮੁੜ-ਸਿਰਜਦੀ, ਨਕਲ ਕਰਦੀ ਜਾਂ ਨਕਲ ਕਰਦੀ ਹੈ :


ਸਿੱਖ ਗੁਰੂ ਸਾਹਿਬਾਨ

ਗੁਰੂ ਸਾਹਿਬਾਨ ਦੇ ਪਰਿਵਾਰਾਂ ਦੇ ਮੈਂਬਰ

ਚਾਰ ਸਾਹਿਬਜ਼ਾਦੇ

ਪੁਰਾਤਨ ਸਿੱਖ ਯੋਧੇ ਅਤੇ ਸ਼ਹੀਦ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਸਿੱਖ ਧਾਰਮਿਕ ਰਸਮਾਂ, ਮਰਿਆਦਾ, ਚਿੰਨ੍ਹ, ਜਾਂ ਪਵਿੱਤਰ ਅਭਿਆਸ

ਸਿੱਖ ਇਤਿਹਾਸ ਦਾ ਕੋਈ ਵੀ ਦ੍ਰਿਸ਼ਟਮਾਨ ਜਾਂ ਨਾਟਕੀ ਚਿੱਤਰਣ ਜੋ ਸਿੱਖ ਧਾਰਮਿਕ ਸਿਧਾਂਤਾਂ ਅਤੇ ਪਰੰਪਰਾਵਾਂ ਦੀ ਉਲੰਘਣਾ ਕਰਦਾ ਹੈ।

ਸਿੱਖ ਧਾਰਮਿਕ ਪਰੰਪਰਾਵਾਂ ਅਤੇ ਮਰਯਾਦਾ ਅਧੀਨ ਅਜਿਹੇ ਚਿੱਤਰਣ ਦੀ ਸਖ਼ਤ ਮਨਾਹੀ ਹੈ । ਸਿੱਖ ਗੁਰੂਆਂ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਵੀ ਵਿਜ਼ੂਅਲ, ਐਨੀਮੇਟਡ, ਏਆਈ-ਜਨਰੇਟਿਡ, ਜਾਂ ਡਿਜੀਟਲੀ ਹੇਰਾਫੇਰੀ ਵਾਲਾ ਪ੍ਰਤੀਨਿਧਤਾ ਧਾਰਮਿਕ ਤੌਰ 'ਤੇ ਅਯੋਗ ਮੰਨਿਆ ਜਾਂਦਾ ਹੈ ਅਤੇ ਸਿੱਖ ਧਾਰਮਿਕ ਭਾਵਨਾਵਾਂ ਨੂੰ ਗੰਭੀਰ ਠੇਸ ਪਹੁੰਚਾਉਂਦਾ ਹੈ ।

ਅਸੀਂ ਫਿਲਮਾਂ ਦੇ ਵਿਰੋਧੀ ਕਿਉੰ ?

ਕਾਰਨ ਨੰ: 1 ਹਿੰਦੂ ਧਰਮ ਦੇ ਹਾਲਾਤ 

ਕਈ ਸਾਡੇ ਭਰਾਵਾਂ ਨੇ ਕਿਹਾ ਕਿ ਹਿੰਦੂ ਧਰਮ ਦਾ ਪ੍ਰਚਾਰ ਸਿਰਫ਼ ਇਸ ਕਰਕੇ ਹੋਇਆ ਕਿ ਉਹਨਾਂ ਦੇ ਧਰਮ ਵਿੱਚ ਝਾਕੀ ਤੇ ਬੁਤਪ੍ਰਸਤੀ ਦੀ ਖੁੱਲ੍ਹੀ ਛੁੱਟ ਹੈ ਅੱਗੇ ਉਹ ਕਹਿੰਦੇ ਹਨ ਕਿ ਇਹਤੋਂ ਤੱਕ ਰਮਾਇਣ ਤੇ ਮਹਾਂਭਾਰਤ ਬੱਚੇ ਬੱਚੇ ਨੂੰ ਯਾਦ ਹੈ ਕਿਉਂਕਿ ਉਹਨਾਂ ਦੇ ਟੈਲੀਵਿਜ਼ਨ ਤੇ ਸੀਰੀਅਲ ਆਉਂਦੇ ਹਨ। ਪਰ ਜੇ ਆਪਾਂ ਝਾਤ ਮਾਰਕੇ ਦੇਖੀਏ ਤਾਂ ਜਿਹਨਾਂ ਨੁਕਸਾਨ ਹਿੰਦੂ ਧਰਮ ਦਾ ਫਿਲਮਾਂ ਨੇ ਕੀਤਾ ਹੋਰ ਕਿਸੇ ਨੇ ਨਹੀਂ!
ਜਿੱਥੇ ਹਿੰਦੂ ਪੁਜਾਰੀਆਂ, ਪੰਡਿਤਾਂ, ਸਾਧੂਆਂ ਜਾਂ ਸੰਤਾਂ ਨੂੰ ਲਾਲਚੀ, ਪਾਖੰਡੀ, ਵਹਿਮੀ, ਵੇਦ-ਮੰਤਰਾਂ ਦਾ ਗਲਤ ਇਸਤੇਮਾਲ ਕਰਨ ਵਾਲੇ ਜਾਂ ਖਲਨਾਇਕ (Villain) ਵਜੋਂ ਦਿਖਾਇਆ ਜਾਂਦਾ ਰਿਹਾ ਹੈ।
ਕਈ ਆਧੁਨਿਕ ਫਿਲਮਾਂ (ਜਿਵੇਂ ਪੀਕੇ, ਓ ਐਮ ਜੀ - ਓ ਮਾਈ ਗੌਡ, ਫੈਮਿਲੀ 420 ! ਆਦਿ) ਵਿੱਚ ਹਿੰਦੂ ਦੇਵੀ-ਦੇਵਤਿਆਂ, ਮੂਰਤੀ ਪੂਜਾ ਜਾਂ ਸ਼ਰਧਾ ਦੇ ਪ੍ਰਤੀਕਾਂ ਨੂੰ ਹਾਸੋਹੀਣੇ ਢੰਗ ਨਾਲ ਪੇਸ਼ ਕੀਤਾ ਗਿਆ। ਹੇਠਾਂ ਤੁਸੀਂ ਪੀਕੇ ਫ਼ਿਲਮ ਦਾ ਸੀਨ ਦੇਖ਼ ਸਕਦੇ ਹੋ:


ਅਸੀਂ ਨਹੀਂ ਚਹੁੰਦੇ ਕਿ ਕੱਲ ਨੂੰ ਹੋਰ ਧਰਮਾਂ ਦੇ ਵਾਂਗ ਨਾਟਕਕਾਰ ਸਾਡੇ ਯੋਧਿਆਂ ਦੇ ਰੂਪ ਬਣਾਕੇ ਗਲੀਆਂ ਵਿਚ ਪੇਸ਼ ਕਰਨ ।
ਸਿਨੇਮਾ ਦੀ ਆਜ਼ਾਦੀ (Cinematic Liberty) ਅਤੇ ਮਸਾਲਾ ਪਾਉਣ ਦੇ ਨਾਮ 'ਤੇ ਰਮਾਇਣ, ਮਹਾਂਭਾਰਤ ਜਾਂ ਪੁਰਾਤਨ ਹਿੰਦੂ ਰਾਜਿਆਂ ਦੇ ਇਤਿਹਾਸ ਨਾਲ ਬਹੁਤ ਖਿਲਵਾੜ ਕੀਤਾ ਗਿਆ।
 ਹਾਲ ਹੀ ਦੇ ਸਾਲਾਂ ਵਿੱਚ ਆਈਆਂ ਫਿਲਮਾਂ (ਜਿਵੇਂ ਆਦਿਪੁਰਸ਼) ਇਸਦੀ ਵੱਡੀ ਮਿਸਾਲ ਹਨ, ਜਿੱਥੇ ਮਹਾਨ ਪਾਤਰਾਂ ਦੇ ਸਰੂਪ, ਕੱਪੜੇ ਅਤੇ ਡਾਇਲਗਸ ਨੂੰ ਇੰਨਾ ਸੜਕ-ਛਾਪ ਜਾਂ ਆਧੁਨਿਕ ਬਣਾ ਦਿੱਤਾ ਗਿਆ ਕਿ ਉਸ ਨਾਲ ਮੂਲ ਗ੍ਰੰਥਾਂ ਦੀ ਗੰਭੀਰਤਾ ਅਤੇ ਮਰਿਆਦਾ ਹੀ ਖਤਮ ਹੋ ਗਈ। ਬੱਚਿਆਂ ਨੇ ਅਸਲ ਗ੍ਰੰਥ ਪੜ੍ਹਨ ਦੀ ਬਜਾਏ ਫਿਲਮੀ ਕਹਾਣੀ ਨੂੰ ਹੀ ਸੱਚ ਮੰਨ ਲਿਆ।

ਹੋਲੀ, ਦੀਵਾਲੀ, ਕਰਵਾ ਚੌਥ, ਜਨਮਾਸ਼ਟਮੀ ਜਾਂ ਗਣੇਸ਼ ਉਤਸਵ ਵਰਗੇ ਤਿਉਹਾਰਾਂ ਦੇ ਪਿੱਛੇ ਬਹੁਤ ਡੂੰਘੇ ਅਧਿਆਤਮਕ, ਕੁਦਰਤੀ ਅਤੇ ਪਰਿਵਾਰਕ ਕਾਰਨ ਹਨ। ਪਰ ਫਿਲਮਾਂ ਨੇ ਇਹਨਾਂ ਤਿਉਹਾਰਾਂ ਨੂੰ ਸਿਰਫ਼ ਲਾਊਡ ਡਾਂਸ ਨੰਬਰਾਂ, ਰੋਮਾਂਸ, ਪਾਰਟੀਆਂ ਅਤੇ ਫੈਸ਼ਨ ਸ਼ੋਅ ਵਜੋਂ ਪੇਸ਼ ਕੀਤਾ।

ਕਾਰਨ ਨੰ: 2 ਫਿਲਮਾਂ imagination ਖਤਮ ਕਰਦੀਆਂ ਹਨ

ਜਦੋਂ ਅਸੀਂ ਕੋਈ ਕਿਤਾਬ ਪੜ੍ਹਦੇ ਹਾਂ ਜਾਂ ਕੋਈ ਕਹਾਣੀ/ਸਾਖੀ ਸੁਣਦੇ ਹਾਂ, ਤਾਂ ਸਾਡਾ ਦਿਮਾਗ ਇੱਕ 'ਫਿਲਮ ਡਾਇਰੈਕਟਰ' ਵਾਂਗ ਕੰਮ ਕਰਦਾ ਹੈ। ਉਹ ਖੁਦ ਪਿਛੋਕੜ (Background), ਪਾਤਰਾਂ ਦੇ ਚਿਹਰੇ ਅਤੇ ਮਾਹੌਲ ਸਿਰਜਦਾ ਹੈ। ਪਰ ਜਦੋਂ ਅਸੀਂ ਕੋਈ ਫਿਲਮ ਦੇਖਦੇ ਹਾਂ, ਤਾਂ ਸਾਡਾ ਦਿਮਾਗ ਸਿਰਫ਼ ਇੱਕ 'ਪੈਸਿਵ ਦਰਸ਼ਕ' (Passive Consumer) ਬਣ ਕੇ ਰਹਿ ਜਾਂਦਾ ਹੈ।

ਜੇਕਰ ਤੁਸੀਂ ਗੁਰੂ ਸਾਹਿਬ ਦੇ ਚਾਰ ਸਾਹਿਬਜ਼ਾਦਿਆਂ ਦੀ ਕਿਤਾਬ ਪਹਿਲਾਂ ਪੜ੍ਹੀ ਹੋਵੇ, ਤਾਂ ਤੁਹਾਡੇ ਦਿਮਾਗ ਵਿੱਚ ਉਸਦਾ ਇੱਕ ਵੱਖਰਾ ਅਕਸ ਹੋਵੇਗਾ। ਪਰ ਫਿਲਮ ਦੇਖਣ ਤੋਂ ਬਾਅਦ, ਤੁਹਾਡੀ ਆਪਣੀ ਕਲਪਨਾ ਮਰ ਜਾਂਦੀ ਹੈ ਅਤੇ ਜਦੋਂ ਵੀ ਤੁਸੀਂ ' ਚਾਰ ਸਾਹਿਬਜ਼ਾਦੇ' ਸੋਚੋਗੇ, ਤੁਹਾਨੂੰ ਸਿਰਫ਼ ਫ਼ਿਲਮ ਵਾਲੇ ਕਾਰਟੂਨਾਂ ਦਾ ਚਿਹਰਾ ਹੀ ਦਿਖਾਈ ਦੇਵੇਗਾ। ਜਿਹੜੀ ਸਾਡੀ ਨਵੀਂ ਪੀੜ੍ਹੀ ਨੇ ਬੀਬੀ ਬਿਮਲ ਕੌਰ ਨੂੰ ਨੀ ਦੇਖਿਆ ਓਹਨਾਂ ਲਈ ਰੂਪੀ ਗਿੱਲ ਹੀ ਬਿਮਲ ਕੌਰ ਹੈ।

ਜਦੋ ਸੋਭਾ ਸਿੰਘ ਚਿੱਤਰਕਾਰ ਨੇ ਬਾਬੇ ਨਾਨਕ ਦੀ ਤਸਵੀਰ ਪਹਿਲੀ ਵਾਰ ਪਰਦਾ ਹਟਾ ਕੇ ਭਾਈ ਵੀਰ ਸਿੰਘ ਨੂੰ ਦਿਖਾਈ ਤਾਂ ਓਹਨਾਂ ਨੇ ਨਾਲ ਦੀ ਨਾਲ ਆਪਣਾ ਚਿਹਰਾ ਦੂਜੇ ਪਾਸੇ ਕਰ ਲਿਆ ਤੇ ਕਿਹਾ ਕਿ ਇਹ ਮੇਰਾ ਬਾਬਾ ਨਾਨਕ ਨੀ ਹੋ ਸਕਦਾ ! ਓਹਨਾਂ ਨੇ ਦੁਬਾਰਾ ਉਸ ਤਸਵੀਰ ਵੱਲ ਝਾਤ ਵੀ ਨਹੀਂ ਮਾਰੀ ਤਾਂ ਜੋ ਤਸਵੀਰ ਓਹਨਾਂ ਦੇ ਦਿਮਾਗ ਅੰਦਰ ਨਾ ਚਲੀ ਜਾਵੇ।


ਕਾਰਨ ਨੰ: 3 ਭਾਵਨਾਵਾਂ ਦਾ ਡਿਜ਼ਾਈਨਡ ਕੰਟਰੋਲ (Manipulated Emotions)

ਕਈ ਵੀਰ ਕਹਿੰਦੇ ਹਨ ਕਿ ਫ਼ਿਲਮ ਦੇਖਣ ਤੋਂ ਬਾਅਦ ਅਸੀਂ ਆਪਣੇ ਹੰਝੂ ਨੀਂ ਰੋਕ ਸਕੇ ਜਾਂ ਸਾਡੇ ਅੰਦਰ ਧਾਰਮਿਕ ਭਾਵਨਾ ਪੈਦਾ ਹੋ ਗਈ

ਫਿਲਮਾਂ ਵਿੱਚ ਤੁਹਾਡੀਆਂ ਭਾਵਨਾਵਾਂ ਨੂੰ ਵੀ ਕਲਪਨਾ ਕਰਨ ਦੀ ਆਜ਼ਾਦੀ ਨਹੀਂ ਹੁੰਦੀ। ਬੈਕਗ੍ਰਾਊਂਡ ਮਿਊਜ਼ਿਕ (Background Music) ਰਾਹੀਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਜਾਂਦਾ ਹੈ ਕਿ ਹੁਣ ਤੁਹਾਨੂੰ ਕੀ ਮਹਿਸੂਸ ਕਰਨਾ ਚਾਹੀਦਾ ਹੈ:

ਜੇਕਰ ਡਰਾਉਣਾ ਸੰਗੀਤ ਵੱਜ ਰਿਹਾ ਹੈ, ਤਾਂ ਤੁਹਾਨੂੰ ਡਰਨਾ ਪਵੇਗਾ।

ਜੇਕਰ ਭਾਵੁਕ ਸੰਗੀਤ ਹੈ, ਤਾਂ ਤੁਹਾਨੂੰ ਰੋਣਾ ਪਵੇਗਾ।

ਤੁਹਾਡਾ ਦਿਮਾਗ ਖੁਦ ਕੋਈ ਭਾਵਨਾ ਪੈਦਾ ਨਹੀਂ ਕਰਦਾ, ਸਗੋਂ ਉਹ ਪਰਦੇ 'ਤੇ ਦਿਖਾਏ ਗਏ ਮੂਡ ਦਾ ਗੁਲਾਮ ਬਣ ਜਾਂਦਾ ਹੈ।

ਕਾਰਨ ਨੰ: 4 ਇਸਾਈ ਧਰਮ ਦੀ ਉਦਾਹਰਨ

ਹਾਲੀਵੁੱਡ ਨੇ ਕਲਾਤਮਕ ਆਜ਼ਾਦੀ ਦੇ ਨਾਮ 'ਤੇ ਬਾਈਬਲ ਦੇ ਇਤਿਹਾਸ ਅਤੇ ਯਿਸੂ ਮਸੀਹ ਦੇ ਪਵਿੱਤਰ ਸਰੂਪ ਨਾਲ ਅਜਿਹੇ ਤਜਰਬੇ ਕੀਤੇ ਜਿਨ੍ਹਾਂ ਨੇ ਆਮ ਲੋਕਾਂ ਦੀ ਆਸਥਾ ਨੂੰ ਹਿਲਾ ਕੇ ਰੱਖ ਦਿੱਤਾ।

ਵਿਵਾਦਿਤ ਫਿਲਮਾਂ: ਫਿਲਮਾਂ ਜਿਵੇਂ 'The Last Temptation of Christ' (1988) ਅਤੇ 'The Da Vinci Code' (2006) ਨੇ ਯਿਸੂ ਮਸੀਹ ਦੇ ਪਵਿੱਤਰ ਅਤੇ ਦੈਵੀ (Divine) ਸਰੂਪ ਨੂੰ ਇੱਕ ਆਮ ਇਨਸਾਨੀ ਕਮਜ਼ੋਰੀਆਂ, ਰੋਮਾਂਸ ਅਤੇ ਕਲਪਿਤ ਕਹਾਣੀਆਂ ਨਾਲ ਜੋੜ ਕੇ ਪੇਸ਼ ਕੀਤਾ।

ਕਾਰਨ ਨੰ: 5

ਜਿਹੜੀ ਸਰਕਾਰ ਸਿੱਖਾਂ ਦੇ ਪਹਿਰਾਵੇ ਤੋਂ ਵੀ ਈਰਖਾ ਕਰਦੀ ਹੈ ਉਹ ਸਾਡੇ ਇਤਿਹਾਸ ਨੂੰ ਸਹੀ ਢੰਗ ਨਾਲ ਕਦੇ ਵੀ ਪੇਸ਼ ਨਹੀ ਕਰਨ ਦੇਵੇਗੀ ਖਾਸਕਰਕੇ ਸਿਨੇਮੇ ਰਾਹੀਂ

ਹੁਣ ਤਾਂ ਆਪ ਸੈਂਸਰ ਬੋਰਡ ਫਿਲਮਾਂ ਨੂੰ ਮਨਜ਼ੂਰੀ ਦੇ ਰਿਹਾ ਹੈ।

ਕਾਰਨ ਨੰ: 6  ਸੁਪਰਹੀਰੋ ਫੈਟੀਗ' (Superhero Fatigue) ਅਤੇ CGI ਦਾ ਪ੍ਰਭਾਵ

ਅੱਜ ਦੀ ਪੀੜ੍ਹੀ ਹਾਲੀਵੁੱਡ ਜਾਂ ਬਾਲੀਵੁੱਡ ਫਿਲਮਾਂ (ਜਿਵੇਂ Avengers, Spiderman ਜਾਂ Bahubali) ਦੇਖਣ ਦੀ ਆਦੀ ਹੈ। ਇਹਨਾਂ ਫਿਲਮਾਂ ਵਿੱਚ ਕੰਪਿਊਟਰ ਗ੍ਰਾਫਿਕਸ (CGI/VFX) ਰਾਹੀਂ ਇੱਕ ਨਕਲੀ ਪਾਤਰ ਨੂੰ ਪਹਾੜ ਚੁੱਕਦੇ, ਗ੍ਰਹਿਆਂ ਨੂੰ ਤਬਾਹ ਕਰਦੇ ਜਾਂ ਹਜ਼ਾਰਾਂ ਫੁੱਟ ਉੱਚੀ ਛਾਲ ਮਾਰਦੇ ਦਿਖਾਇਆ ਜਾਂਦਾ ਹੈ।

ਜੇਕਰ ਅਸੀਂ ਭਾਈ ਬਚਿੱਤਰ ਸਿੰਘ ਦੇ ਹਾਥੀ ਦਾ ਮੱਥਾ ਪਾੜਨ ਵਾਲੀ ਸਾਖੀ ਤੇ ਚਮਕੌਰ ਦੀ ਜੰਗ ਵਿੱਚ 10 ਲੱਖ ਫੌਜ ਤੇ 40 ਸਿੰਘ ਦੀ ਲੜਾਈ ਨੂੰ ਦ੍ਰਿਸ਼ ਰਾਹੀਂ ਪੇਸ਼  ਕਰਾਂਗੇ ਤਾਂ ਦੇਖਣ ਵਾਲੇ ਲਈ ਇਹ ਕੋਈ ਆਮ ਘਟਨਾ ਵਰਗੀ ਹੋਵੇਗੀ ।ਦਿਮਾਗ ਸੋਚਦਾ ਹੈ, "ਜੇਕਰ ਬਾਹੁਬਲੀ ਹੱਥ ਨਾਲ ਸਾਂਡ ਨੂੰ ਰੋਕ ਸਕਦਾ ਹੈ, ਤਾਂ ਐਨੀਮੇਸ਼ਨ ਵਿੱਚ ਹਾਥੀ ਨੂੰ ਬਰਛੀ ਮਾਰਨੀ ਕਿਹੜੀ ਵੱਡੀ ਗੱਲ ਹੈ।"ਭਾਈ ਬਚਿੱਤਰ ਸਿੰਘ ਜੀ ਦੀ ਜਿੱਤ ਕੋਈ ਬਾਡੀ-ਬਿਲਡਿੰਗ (ਸਰੀਰਕ ਤਾਕਤ) ਜਾਂ ਕਰਾਟੇ ਦੇ ਜ਼ੋਰ 'ਤੇ ਨਹੀਂ ਸੀ ਹੋਈ। ਉਹਨਾਂ ਦੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ 'ਤੇ ਅਟੱਲ ਭਰੋਸਾ, ਨਾਮ ਸਿਮਰਨ ਦੀ ਕਮਾਈ ਅਤੇ "ਆਤਮਿਕ ਬਲ" (Spiritual Aura) ਸੀ।

ਕਾਰਨ ਨੰ: 6  ਫਿਲਮਾਂ ਵਿੱਚ ਇਤਿਹਾਸ ਦਾ ਸਿਰਫ਼ ਇੱਕ ਪੱਖ ਜਾਂ ਗ਼ਲਤ ਤਰੀਕ਼ੇ ਨਾਲ ਪੇਸ਼ ਕਰਨਾ

ਅਕਾਲ ਫ਼ਿਲਮ ਨੂੰ ਦੇਖ ਕੇ ਤਾਂ ਏਵੇਂ ਲਗਿਆ ਜਿਵੇਂ ਇਹਨਾਂ ਦਾ ਸਿੱਖੀ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈ ਹਰ ਪੱਖੋ ਸਿੱਖੀ ਨੂੰ ਢਾਹ ਲਾਈ ਗਈ।

ਚਾਰ ਸਾਹਿਬਜ਼ਾਦੇ ਫਿਲਮ ਵਿੱਚ ਵੀ ਬਾਬਾ ਅਜੀਤ ਸਿੰਘ ਦੀ ਸ਼ਹੀਦੀ ਨੂੰ normalize ਕਰ ਦਿੱਤਾ ਜਦਕਿ ਅਸਲ। ਵਿੱਚ ਓਹਨਾ ਦੇ 500 ਤੋਂ ਵੱਧ ਫੱਟ ਲੱਗੇ ਸਨ।

ਐਮਰਜੈਸੀ ਫਿਲਮ ਵਿੱਚ ਵੀ ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਦਾ ਅਕਸ ਖ਼ਰਾਬ ਕਰ ਕੇ ਪੇਸ਼ ਕੀਤਾ ਗਿਆ।


ਅੰਤ ਵਿੱਚ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਸਕੂਲਾਂ ਤੇ ਸਿਨੇਮਾ ਵਿੱਚ ਸਾਡੇ ਬੱਚੇ ਕਦੇ ਵੀ ਸਿੱਖ ਇਤਿਹਾਸ ਨਹੀਂ ਸਿੱਖ ਸਕਣਗੇ ਕਿਉਂਕਿ ਇਹ ਦੋਨੋ ਸਟੇਟ ਦੇ ਟੂਲ ਨੇ ਅਤੇ ਸਟੇਟ ਹਮੇਸ਼ਾ ਇਹਨਾਂ ਨੂੰ ਆਪਣੇ ਅਨੁਸਾਰ ਵਰਤੇਗੀ। ਸਾਨੂੰ ਆਪਣੇ ਪ੍ਰੰਪਰਾਗਤ ਤਰੀਕ਼ੇ ਨਾਲ ਹੀ ਸਾਡੇ ਬੱਚਿਆਂ ਨੂੰ ਸਾਖੀ ਜਾਂ ਕਿਤਾਬਾਂ ਰਾਹੀਂ ਇਤਿਹਾਸ ਸੁਣਾਉਣਾ ਚਾਹੀਦਾ ਹੈ।
ਹਾਂ ਸਾਡੇ ਭਰਾ ਜੋ ਫਿਲਮਾਂ ਬਣਾਉਂਦੇ ਨੇ  ਓਹਨਾਂ ਦੀ ਵੀ ਜ਼ਰੂਰ ਭਾਵਨਾ ਹੁੰਦੀ ਆ ਪਰ ਇਹਦਾ ਸਾਡੀ ਕੌਮ ਨੂੰ ਕੋਈ ਲਾਭ ਨਹੀਂ । ਇਸਤੋਂ ਚੰਗਾ ਜਿੰਨੇ ਪੈਸੇ ਫਿਲਮ ਬਣਾਉਣ ਤੇ ਖ਼ਰਚ ਹੁੰਦੇ ਹਨ ਉਹ ਪੈਸਿਆਂ ਨਾਲ ਸਾਡੇ ਸ਼ਹੀਦ ਪਰਿਵਾਰਾਂ ਦੀ ਬਾਂਹ ਫੜ੍ਹੀ ਜਾਵੇ ਤਾਂ ਤੁਹਾਡਾ ਯੋਗਦਾਨ ਬਹੁਤ ਵੱਡਾ ਮੰਨਿਆ ਜਾਵੇਗਾ।
ਜਿਹੜਾ ਪੰਜਾਬ ਵਿਚ ਜੰਮ,ਪਲਕੇ ਅਪਣਾ ਇਤਿਹਾਸ ਪੜ ਸੁਣ ਨਹੀ ਸਕਿਆ ਉਹ ਫਿਲਮਾਂ ਨਾਲ ਵੀ ਨਹੀ ਸਿੱਖ ਸਕਦਾ ।

















0 Comments


ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥੩॥

ਸਿੱਖ ਕਤਲੇਆਮ 1984