ਆਜ਼ਾਦੀ ਲੋਕਤੰਤਰ ਦਾ ਧੁਰਾ ਹੈ। ਆਜ਼ਾਦੀ ਦਾ ਮਤਲਬ ਹਰ ਤਰ੍ਹਾਂ ਦੀ ਆਜ਼ਾਦੀ ਹੈ। ਹਰ ਵਿਅਕਤੀ ਆਪਣੇ ਦਿਲ ਅਤੇ ਦਿਮਾਗ ਦਾ ਮਾਲਕ ਹੈ। ਉਹ ਮਹਿਸੂਸ ਕਰਨ, ਸੋਚਣ ਲਈ ਆਜ਼ਾਦ ਹੈ ਅਤੇ ਉਸ ਅਨੁਸਾਰ ਫੈਸਲੇ ਲੈਣ ਅਤੇ ਉਨ੍ਹਾਂ ਫੈਸਲਿਆਂ 'ਤੇ ਅਮਲ ਕਰਨ ਲਈ ਵੀ ਆਜ਼ਾਦ ਹੈ।ਸਤਿਗੁਰੂ ਨਾਨਕ ਦਾ ਫੁਰਮਾਨ ਹੈ ਕਿ ਗੁਲਾਮੀ ਖਤਰਨਾਕ ਹੈ।ਗੁਲਾਮੀ ਵਿਚ ਖਾਣਾ ਪੀਣਾ ਸਭ ਹਰਾਮ ਹੈ।ਅਰਥਾਤ ਜਿੰਦਗੀ ਦਾ ਅਨੰਦ ਨਹੀ
ਜੇ ਜੀਵੈ ਪਤਿ ਲਥੀ ਜਾਇ ॥ ਸਭੁ ਹਰਾਮੁ ਜੇਤਾ ਕਿਛੁ ਖਾਇ ॥
ਲੰਮੇ ਸਮੇਂ ਦੇ ਜਮਹੂਰੀਅਤ ਦੇ ਸਫ਼ਰ ਦੇ ਇਸ ਪੜਾਅ ’ਤੇ ਜਾਪਦਾ ਹੈ ਕਿ ਮਨੁੱਖ ਪਹਿਲਾਂ ਨਾਲੋਂ ਵੀ ਬੇਵੱਸ ਹੋ ਗਿਆ ਹੈ। ਅਤੇ ਮਜ਼ੇਦਾਰ ਗੱਲ ਇਹ ਹੈ ਕਿ ਉਹ ਇਸ ਗੱਲ ਤੋਂ ਵੀ ਅਣਜਾਣ ਹੈ ਕਿ ਉਹ ਅਜ਼ਾਦ ਹੈ ਜਾਂ ਨਹੀਂ।
ਤੁਸੀਂ ਜੋ ਵੀ ਬਜ਼ਾਰ ਵਿੱਚੋਂ ਖ਼ਰੀਦਦੇ ਹੋ, ਕੀ ਤੁਸੀਂ ਆਪਣੀ ਮਰਜ਼ੀ ਨਾਲ ਖਰੀਦ ਰਹੇ ਹੋ ਜਾੁਂ ਤੁਹਾਡੇ ਉਪਰ ਕਿਸਦਾ ਪ੍ਰਭਾਵ ਹੈ?
ਤੁਹਾਡੀ ਪਸੰਦ ,ਤੁਹਾਡੀ ਬੋਲੀ ,ਤੁਹਾਡੇ ਕਲਚਰ ਨੂੰ ਕਾਰਪੋਰੇਟ ਸਿਸਟਮ ਤਹਿ ਕਰਦਾ ਹੈ,ਜਿਨ੍ਹਾਂ ਕੋਲ ਉਪਕਰਨਾਂ, ਮੀਡੀਆ ਤੱਕ ਪਹੁੰਚ ਹੈ ,ਜਿਨ੍ਹਾਂ ਦਾ ਮਾਇਆ ਉਪਰ ਗਲਬਾ ਹੈ,ਜਿਨ੍ਹਾਂ ਕੋਲ ਇਸ਼ਤਿਹਾਰਾਂ ਦਾ ਮਾਇਆ ਜਾਲ ਹੈ। ਜੋ ਤੁਹਾਡੇ ਜਦ ਪੁਸ਼ਤੀ ਭੋਜਨ ਨੂੰ ਫਾਸਟ ਫੂਡ ਵਿਚ ਬਦਲ ਦਿੰਦੇ ਹਨ।ਤੁਹਾਡੇ ਕਲਚਰਲ ਪਹਿਰਾਵੇ ਨੂੰ ਪਛੜਿਆ ਦਸਕੇ ਆਪਣੇ ਅਨੁਸਾਰ ਬਦਲ ਦਿੰਦੇ ਹਨ।ਤੁਹਾਡੇ ਸਭਿਆਚਾਰਕ ਰਿਸ਼ਤਿਆਂ ਦਾ ਅਜੀਬ ਨਾਮਕਰਨ ਕਰਦੇ ਹਨ।ਜਿਵੇਂ ਮਾਮਾ ਤੋਂ ਮਾਮੂ ,ਨਾਨਾ ਤੋਂ ਨਾਨੂੰ, ਜੀਜਾ ਤੋਂ ਜੀਜੂ।ਤਾਏ,ਮਾਮੇ ,ਹਰੇਕ ਲਈ ਅੰਕਲ,ਭੂਆ ਮਾਸੀ ਲਈ ਆਂਟੀ।
ਕਾਰਪੋਰੇਟ ਸਿਸਟਮ ਵਿਚ ਮਨੁੱਖ ਦੀ ਪਸੰਦ, ਉਸਦੀ ਚੋਣ ਸਿਰਫ ਉਸਦਾ ਭਰਮ ਹੈ, ਇਹ ਕਾਰਪੋਰੇਟ ਤੈਅ ਕਰਦਾ ਹੈ । ਇਸ ਪ੍ਰਣਾਲੀ ਨੂੰ ਪੂੰਜੀਵਾਦ ਕਿਹਾ ਜਾਂਦਾ ਹੈ ਅਤੇ ਇਹ ਦਾਅਵਾ ਕਰਦਾ ਹੈ ਕਿ ਪੂੰਜੀਵਾਦ ਹੀ ਲੋਕਤੰਤਰ ਲਈ ਸਭ ਤੋਂ ਢੁਕਵਾਂ ਪ੍ਰਬੰਧ ਹੈ।
ਆਖ਼ਰਕਾਰ, ਕਾਰਲ ਮਾਰਕਸ ਨੇ ਇਹ ਵੀ ਕਿਹਾ ਸੀ ਕਿ ਪੂੰਜੀਵਾਦ ਆਪਣੀਆਂ ਸਾਰੀਆਂ ਪਿਛਲੀਆਂ ਪ੍ਰਣਾਲੀਆਂ ਨਾਲੋਂ ਵਧੇਰੇ ਜਮਹੂਰੀ ਹੈ ਕਿਉਂਕਿ ਇਹ ਮਨੁੱਖ ਦੇ ਅੰਦਰਲੇਪਣ ਨੂੰ ਪਛਾਣਦਾ ਅਤੇ ਖੋਲ੍ਹਦਾ ਹੈ। ਪੂੰਜੀਵਾਦ ਮਨੁੱਖ ਨੂੰ ਜ਼ਿੰਮੇਵਾਰੀ ਵੀ ਪ੍ਰਦਾਨ ਕਰਦਾ ਹੈ।
ਅਸੀਂ ਕਾਰਪੋਰੇਟ ਦੀ ਆਰਥਿਕ ਪ੍ਰਣਾਲੀ ਦਾ ਹਿੱਸਾ ਹਾਂ ਜਿਸ ਵਿੱਚ ਅਸੀਂ ਆਪਣੀ ਭੂਮਿਕਾ ਦਾ ਫੈਸਲਾ ਨਹੀਂ ਕਰ ਸਕਦੇ, ਤਾਂ ਫਿਰ ਅਸੀਂ ਅਸਲ ਵਿੱਚ ਲੋਕਤੰਤਰ ਕਿਵੇਂ ਪ੍ਰਦਾਨ ਕਰ ਸਕਦੇ ਹਾਂ? ਅਸੀਂ ਅਜਾਦ ਕਿਵੇਂ ਹਾਂ? ਮਨੁੱਖ ਨੂੰ ਕੁਦਰਤ ਦੀ ਅਧੀਨਗੀ ਤੋਂ ਮੁਕਤ ਕਰਕੇ ਪੂੰਜੀਵਾਦ ਮਨੁੱਖ ਨੂੰ ਪੂੰਜੀ ਅਤੇ ਵਸਤੂਆਂ ਦਾ ਗੁਲਾਮ ਬਣਾ ਦਿੰਦਾ ਹੈ। ਇਸ ਦੀ ਬਜਾਏ, ਇਹ ਮਨੁੱਖ ਨੂੰ ਇੱਕ ਵਸਤੂ ਚ ਬਦਲ ਦਿੰਦਾ ਹੈ।
ਮਨੁੱਖੀ ਆਜ਼ਾਦੀ ਦੇ ਹੌਲੀ-ਹੌਲੀ ਖੋਹੇ ਜਾਣ ਦੀ ਕਹਾਣੀ ਪੂੰਜੀਵਾਦ ਦੇ ਵਿਕਾਸ ਦੀ ਕਹਾਣੀ ਹੈ। ਜਿੰਨਾ ਵੱਡਾ ਕਾਰਪੋਰੇਟ ਸਿਸਟਮ ਉਸਰਦਾ ਹੈ, ਮਨੁੱਖ ਓਨਾ ਹੀ ਮਾਮੂਲੀ ਬਣ ਜਾਂਦਾ ਹੈ। ਪੂੰਜੀਵਾਦ ਦੇ ਸਾਹਮਣੇ ਮਨੁੱਖ ਦੀ ਸਥਿਤੀ ਜਾਂ ਤਾਂ ਖਰੀਦਦਾਰ ਦੀ ਹੈ ਜਾਂ ਵੇਚਣ ਵਾਲੇ ਦੀ। ਉਹ ਕਿੰਨਾ ਕੁ ਖਰੀਦ ਸਕਦਾ ਹੈ ਇਹ ਉਸਦੀ ਸਮਾਜਿਕ ਸਥਿਤੀ ਨੂੰ ਨਿਰਧਾਰਤ ਕਰਦਾ ਹੈ।
ਫਿਰ ਅਸੀਂ ਇਸ ਚਮਕ ਦਮਕ ਵਾਲੇ ਆਰਥਿਕ ਸਿਸਟਮ ਵਿਚ ਹੌਲੀ-ਹੌਲੀ ਅਸੀਂ ਸੋਚਣ, ਫੈਸਲਾ ਕਰਨ ਅਤੇ ਚੁਣਨ ਦੀ ਆਜ਼ਾਦੀ ਗੁਆ ਦਿੰਦੇ ਹਾਂ।ਸਾਡੀ ਸਥਿਤੀ ਇਕ ਰੋਬੋਟ ਵਾਲੀ ਹੋ ਜਾਂਦੀ ਹੈ।
ਅਸੀਂ ਇਸ ਵਿਸ਼ਵ ਮੰਡੀ ਨੂੰ ਚੱਲਦਾ ਰੱਖਣ ਲਈ ਆਪਣੇ ਆਪੇ ਨੂੰ ਬਾਲਣ ਵਿੱਚ ਬਦਲਦੇ ਹਾਂ। ਇਥੋਂ ਤੱਕ ਕਿ ਸਾਡੇ ਰਾਜਸੀ,ਧਾਰਮਿਕ ਨੇਤਾ ਵੀ ਸਾਡੇ ਸਾਹਮਣੇ ਇੱਕ ਉਤਪਾਦ ਦੀ ਤਰ੍ਹਾਂ ਤਿਆਰ ਅਤੇ ਪੇਸ਼ ਕੀਤੇ ਜਾਂਦੇ ਹਨ,ਕਿਉਂ ਕਿ ਕਾਰਪੋਰੇਟ ਸਿਸਟਮ ਇਨ੍ਹਾਂ ਨੂੰ ਵੀ ਆਪਣੀ ਮਰਜੀ ਅਨੁਸਾਰ ਚਲਾਉਂਦਾ ਤੇ ਉਸਾਰਦਾ ਹੈ।ਸਾਨੂੰ ਮੀਡੀਆ , ਇਸ਼ਤਿਹਾਰਾਂ ਤੇ ਸ਼ੋਸ਼ਲ ਮੀਡੀਆ ਰਾਹੀਂ ਦੱਸਿਆ ਜਾਂਦਾ ਹੈ ਕਿ ਇਸ ਲੀਡਰਸ਼ਿਪ ਜਾਂ ਉਤਪਾਦ ਦਾ ਕੋਈ ਬਦਲ ਨਹੀਂ ਹੈ।
ਸਾਮਰਾਜ ਅਜੋਕਾ ਪੂੰਜੀਵਾਦੀ ਰੂਪ ਧਾਰ ਕੇ ਲੋਕਾਂ ਦਾ ਸ਼ੋਸ਼ਣ ਕਰਨ ਲੱਗਾ ਹੋਇਆ ਹੈ ਅਤੇ ਸ਼ਕਤੀ ਦਾ ਰੋਹਬ ਪਾਉਣ ਤੇ ਹਥਿਆਰ ਵੇਚਣ ਲਈ ਜੰਗਾਂ ਛੇੜ ਕੇ ਮਾਸੂਮਾਂ ਨੂੰ ਮਾਰ ਤੇ ਉਜਾੜ ਰਿਹਾ ਹੈ। ਉਸ ਦੇ ਵਿਗਿਆਨੀ ਮਾਰੂ ਹਥਿਆਰ ਬਣਾ ਕੇ ਦੁਨੀਆਂ ਵਿਚ ਤਬਾਹੀ ਮਚਾਉਣ ਦੀਆਂ ਵਿਉਂਤਾਂ ਬਣਾ ਰਹੇ ਹਨ। ਇਹ ਸਭ ਮਨੁੱਖਤਾ ਦੇ ਵਿਨਾਸ਼ ਵਲ ਸੰਕੇਤ ਹਨ।
ਆਜ਼ਾਦੀ ਦਾ ਸੰਘਰਸ਼ ਮਨੁੱਖੀ ਮਨ ਨੂੰ ਆਜ਼ਾਦ ਰੱਖਣ ਦਾ ਸੰਘਰਸ਼ ਹੈ। ਅਤੇ ਇਹ ਪੂੰਜੀਵਾਦ ਨਾਲ ਲੜੇ ਬਿਨਾਂ ਨਹੀਂ ਹੋ ਸਕਦਾ।ਜੇ ਸਾਨੂੰ ਪੂੰਜੀਵਾਦ ਸੁਭਾਵਿਕ ਕੁਦਰਤੀ ਜਾਪਦਾ ਹੈ ਅਤੇ ਇਸ ਦਾ ਕੋਈ ਬਦਲ ਨਹੀਂ ਹੈ। ਪਰ ਜੇਕਰ ਮਨੁੱਖ ਇਸ ਨੂੰ ਹੁਕਮ ਮੰਨਕੇ ਸਵੀਕਾਰ ਕਰ ਲਵੇ ਤਾਂ ਮਨੁੱਖ ਕਿਵੇਂ ਜੀਵੇਗਾ? ਬੰਧਨ ਕਿਵੇਂ ਟੁਟਣਗੇ।
ਗੁਰਬਾਣੀ ਵਿਚ ਮਾਇਆ ਨੂੰ
“ਮਾਈ ਮਾਇਆ ਛਲੁ॥” (ਅੰਗ 717) ਅਤੇ “
ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ॥” (ਅੰਗ 643)
ਆਖਿਆ ਗਿਆ ਹੈ। ਮਾਇਆ ਅਸਥਿਰ ਹੋਣ ਕਾਰਨ ਧਰਮ ਤੇ ਰੱਬੀ ਸੱਚ ਤੋਂ ਭੈਅ ਖਾਂਦੀ ਹੈ ਅਤੇ ਉਸ ਨੂੰ ਖਤਮ ਕਰਨਾ ਚਾਹੁੰਦੀ ਹੈ। ਪਰ ਧਰਮ ਰੱਬੀ ਤੇ ਕੁਦਰਤ ਦੀ ਸੱਤਾ ਹੈ ਅਤੇ ਪਦਾਰਥ, ਮਾਇਆ ਦੀ ਪਹੁੰਚ ਤੋਂ ਬਾਹਰ ਹੈ। ਇਸ ਲਈ ਮਾਇਆ ਸੰਸਾਰ ਵਿਚੋਂ ਧਰਮ ਦੇ ਪ੍ਰਭਾਵ ਨੂੰ ਖਤਮ ਕਰਨ ਲਈ ਸਮਾਜਕ ਸ਼ਕਤੀਆਂ ਨੂੰ ਉਸ ਦੇ ਸਮਰੂਪ ਦੁਨਿਆਵੀ ਧਰਮ ਦਾ ਨਿਰਮਾਣ ਕਰਨ ਲਈ ਉਤਸ਼ਾਹਤ ਕਰਦੀ ਹੈ।
ਪੂੰਜੀਵਾਦ ਦੀ ਸ਼ਰੂਆਤ ਕਿਵੇਂ ਹੋਈ ?
ਆਹ ਜੋ ਪੂੰਜੀਵਾਦ ਹਰ ਚੀਜ਼ ਦਾ ਵਪਾਰੀਕਰਨ ਹੋਰ ਤੇ ਹੋਰ ਖੇਤੀਬਾੜੀ ਦਾ ਵੀ ਜਿਸ ਕਿੱਤੇ ਨੂੰ ਸਾਡੇ ਗੁਰੂ ਸਾਹਿਬ ਨੇ ਖੁਦ ਅਪਣਾਇਆ ਏਹਦਾ ਵੀ ਵਪਾਰੀਕਰਨ ਹੋ ਗਿਆ। ਏਹਦੀ ਜੜ ਕਿੱਥੇ ਪਈ ਐ ਆਓ ਤਹਾਨੂੰ ਦੱਸਦਾ। ਏਸ ਸਭ ਦੀ ਸ਼ੁਰੂਆਤ 1492 ਈਸਵੀ ਚ ਪਈ ਐ ਜਦ ਕੋਲੰਬਸ ਆਪਣੇ ਦੇਸ ਤੋਂ ਏਸ਼ੀਆ ਮਹਾਂਦੀਪ ਲਈ ਸਮੁੰਦਰੀ ਰਸਤਾ ਲੱਭਣ ਤੁਰਿਆ। ਓਹਦਾ ਮਕਸਦ ਸੀ ਏਸ਼ੀਆ ਚੋਂ ਕੱਚਾ ਮਾਲ ਲੈ ਕੇ ਉਸਨੂੰ ਆਪਣੇ ਦੇਸ ਲਿਜਾਣਾ ਫਿਰ ਫੈਕਟਰੀਆਂ ਰਾਂਹੀ ਸੋਧ ਕਰਕੇ ਮਰਜੀ ਦੇ ਰੇਟ ਤੇ ਵੇਚਣਾ। ਏਸ਼ੀਆ ਲਈ ਰਸਤਾ ਤਾਂ ਨਹੀਂ ਲੱਭਾ ਪਰ ਅਮਰੀਕਾ ਲੱਭ ਗਿਆ ਜਿਸਨੂੰ ਓਹਨਾ ਨੇ ਕਲੋਨੀ ਬਣਾ ਲਿਆ। ਓਸੇ ਨੂੰ ਦੇਖ ਫਰਾਂਸ, ਇੰਗਲੈਂਡ ਤੇ ਹੋਰ ਦੇਸ਼ ਏਸੇ ਦੌੜ ਚ ਸ਼ਾਮਿਲ ਹੋ ਗਏ ਤੇ ਵੱਧ ਤੋਂ ਵੱਧ ਮੁਲਕਾਂ ਨੂੰ ਕਲੋਨੀਆਂ ਬਣਾ ਓਥੋਂ ਲੁੱਟ ਖਸੁੱਟ ਸ਼ੁਰੂ ਕੀਤੀ। ਏਹ ਜੋ ਪੂਰੀ ਧਰਤੀ ਨੂੰ ਇੱਕ ਪਿੰਡ ਬਣਾਕੇ ਸਭ ਕੁਝ ਨੂੰ ਆਪਣੇ ਕੰਟਰੋਲ ਹੇਠਾਂ ਕਰਕੇ one world one govt, one word one currency ਵਰਗੇ ਸ਼ਬਦਾਂ ਦਾ ਹੋਂਦ ਚ ਆਓਣ ਦੀ ਜੜ ਓਥੇ ਪਈ ਐ।
ਹੁਣ ਆਓਨੇ ਆਂ ਕਿ ਸਾਡਾ ਏਹਦੇ ਨਾਲ ਕੀ ਲਿੰਕ - ਕੋਲੰਬਸ ਜਾਂ ਬਾਕੀ ਦੇਸ਼ਾਂ ਦਾ ਸਿੱਧਾ ਮਕਸਦ ਸੀ ਕਿਵੇਂ ਮਰਜੀ ਹੋਏ ਪਰ ਵੱਧ ਤੋਂ ਵੱਧ ਖਿੱਤੇ ਉਪਰ ਕੰਟਰੋਲ ਹੋਏ ਓਹਦੇ ਲਈ ਮਨੁੱਖਤਾ ਦਾ ਜੋ ਮਰਜੀ ਘਾਣ ਕਰਨਾ ਪਵੇ ਪਰ ਓਸੇ ਸਮੇਂ ਦੌਰਾਨ ਸਾਡੇ ਪਹਿਲੇ ਗੁਰੂ ਪਹਿਲੀ ਉਦਾਸੀ ਲਈ ਨਿਕਲ ਚੁੱਕੇ ਸੀ ਜਿੰਨਾ ਦਾ ਹਰ ਮਕਸਦ ਏਹਨਾ ਦੀ ਹਰ ਸੋਚ ਨੂੰ ਰੱਦ ਕਰ ਰਿਹਾ ਸੀ। ਏਹ ਸਭ ਪੈਸੇ ਤੇ ਸੱਤਾ ਲਈ ਕਰ ਰਹੇ ਸੀ ਪਰ ਗੁਰੂ ਸਾਹਿਬ ਬਿਨਾ ਕਿਸੇ ਦੁਨਿਆਵੀ ਲਾਲਚ ਤੋਂ ਸਭ ਮਨੁੱਖਤਾ ਦੇ ਭਲੇ ਲਈ ਕਰ ਰਹੇ ਸੀ। ਏਸ ਚੀਜ਼ ਨੂੰ ਅਸੀਂ ਚਾਹੇ ਨਾ ਜਾਣਦੇ ਹੋਈਏ ਪਰ ਓਹ ਜਾਣਦੇ ਨੇ ਕਿ ਓਹਨਾ ਦੇ ਏਸ ਏਜੰਡੇ ਨੂੰ ਕਿਤਿਓਂ ਟੱਕਰ ਮਿਲਣੀ ਹੈ ਤਾਂ ਓਹ ਸਾਡੇ ਵੱਲੋਂ ਹੈ ਕਿਉਂਕਿ ਏਸ ਚੀਜ਼ ਨੂੰ ਓਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇ ਲਈ ਜਾਣ ਗਏ ਸੀ ਤੇ ਪਿਛਲੇ ਦਿਨੀ ਚੱਲੇ ਕਿਸਾਨ ਸੰਘਰਸ ਤੋਂ ਵੀ। ਏਹਦੇ ਰਿਜਲਟ ਆਓਣ ਵਾਲੇ ਸਮੇ ਚ ਤੁਹਾਡੇ ਸਾਮ੍ਹਣੇ ਵੀ ਆਉਣਗੇ ਜਿਸ ਲਈ ਜਿਆਦਾ ਸਮਾ ਨਹੀਂ ਥੋੜੇ ਸਮੇ ਚ ਸਭ ਕੁਝ ਦੇਖੋਗੇ। ਸੋ ਤੁਹਾਡੇ ਵਿਰੋਧੀਆਂ ਨੂੰ ਤੁਹਾਡੇ ਬਾਰੇ ਓਹ ਕੁਝ ਵੀ ਪਤਾ ਹੈ ਜੋ ਤੁਹਾਨੂੰ ਖੁਦ ਨੂੰ ਨਹੀਂ ਪਤਾ। ਕਾਸ਼ ਅਸੀਂ ਆਪਸੀ ਧੜੇਬੰਦੀਆਂ ਚੋਂ ਨਿਕਲ ਏਧਰ ਸੋਚ ਸਕੀਏ।