ਹਰ ਬੰਦੇ ਦੀ ਇੱਕ ਪ੍ਰਵਿਰਤੀ ਹੁੰਦੀ ਹੈ ਕਿ ਉਹ ਅਸਲ ਜ਼ਿੰਦਗੀ ਨਾਲੋਂ ਸੁਪਨਿਆਂ ਵਾਲੀ ਨਕਲੀ ਜ਼ਿੰਦਗੀ ਨੂੰ ਪਸੰਦ ਕਰਦਾ ਹੈ। ਇਸਦਾ ਕਾਰਨ ਸਾਡੇ ਦਿਮਾਗ ਵਿੱਚ ਮੌਜੂਦ ਡੋਪਾਮਾਈਨ ਹਾਰਮੋਨ ਹੈ। ਇਸ ਚੀਜ਼ ਦਾ ਫਾਇਦਾ ਦੁਨੀਆ ਦੀਆਂ ਤਾਕਤਵਰ ਧਿਰਾਂ ਨੇ ਉਠਾਇਆ। ਅਤੇ ਸਾਡੇ ਮਨਾਂ ਵਿੱਚ ਇਹ ਗੱਲ ਭਰੀ ਗਈ ਕਿ ਤੁਸੀਂ ਬੋਰਿੰਗ ਜ਼ਿੰਦਗੀ ਜਿਉਂ ਰਹੇ ਹੋ ਆਪਣੇ ਕੰਮ ਦਾ ਸਮਾਂ ਘਟਾਓ ਅਤੇ ਮਨੋਰੰਜਨ ਕਰੋ। ਤੁਸੀਂ ਬਾਹਰ ਘੁੰਮਣ ਜਾਓ, ਸਿਨਮਾ ਘਰਾਂ ਵਿੱਚ ਫਿਲਮ ਦੇਖਣ ਜਾਓ, ਸੈਰ ਕਰਨ ਜਾਓ ਜਾ ਬਾਹਰ ਖਾਣਾ ਖਾਣ ਜਾਓ।
ਅੱਜ ਦੇ ਸਮੇਂ ਵਿੱਚ ਮਨੋਰੰਜਨ ਕਾਰਪੋਰੇਟ ਅਤੇ ਸਰਕਾਰਾਂ ਦੁਆਰਾ ਵਰਤਿਆ ਜਾਣ ਵਾਲਾ ਸਭ ਤੋਂ ਵਧੀਆ ਅਤੇ ਸੌਖਾ ਹਥਿਆਰ ਹੈ। ਜੇਕਰ ਆਪਾਂ ਬਾਹਰਲੇ ਦੇਸ਼ਾਂ ਦੀ ਗੱਲ ਕਰੀਏ ਤਾਂ ਉੱਥੇ ਤਾਂ ਇਸ ਨੂੰ ਬਹੁਤ ਸਮਾਂ ਪਹਿਲਾਂ ਹੀ ਵਰਤਿਆ ਜਾਣਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਉੱਥੇ ਰੇਡੀਓ, ਟੀਵੀ, ਅਤੇ ਮੋਬਾਈਲ ਫੋਨ ਬਹੁਤ ਪਹਿਲਾਂ ਹੋਂਦ ਚ ਆ ਚੁੱਕੇ ਸੀ। ਪਰ ਜੇਕਰ ਗੱਲ ਆਪਾਂ ਪੰਜਾਬ ਦੀ ਕਰੀਏ ਤਾਂ ਇਸ ਦੀ ਅਸਲ ਸ਼ੁਰੂਆਤ 1984 ਦੇ ਘੱਲੂਘਾਰੇ ਦੇ ਸਿੱਟੇ ਵਜੋਂ 1990 - 95 ਦੇ ਦੌਰ ਵਿੱਚ ਇੱਕ ਸਾਜਿਸ਼ ਤਹਿਤ ਹੁੰਦੀ ਹੈ ਜਦੋਂ ਕੇਪੀਐਸ ਗਿੱਲ ਨੇ ਪੰਜਾਬ ਵਿੱਚ ਜਗ੍ਹਾ ਜਗ੍ਹਾ ਤੇ ਚਮਕੀਲੇ ਵਰਗੇ ਗਾਇਕਾਂ ਦੇ ਅਖਾੜੇ ਲਵਾਏ ਲੋਕਾਂ ਨੂੰ ਗੰਦੇ ਗੀਤਾਂ ਅਤੇ ਸ਼ਰਾਬਾਂ ਰਾਹੀ ਮਨੋਰੰਜਨ ਦਿੱਤਾ ਗਿਆ ਤਾਂ ਜੋ ਉਹ ਸਾਡੇ ਅਕਾਲ ਤਖਤ ਤੇ ਹੋਏ ਹਮਲੇ, ਸਾਡੇ ਸ਼ਹੀਦਾਂ ਨੂੰ ਭੁੱਲ ਜਾਣ। 
ਪਹਿਲਾਂ ਇਹ ਅਖਾੜੇ ਕਿਤੇ ਕਿਤੇ ਲੱਗਦੇ ਸੀ ਫੇਰ ਪਿੰਡਾਂ ਵਿੱਚ ਲੱਗਣੇ ਸ਼ੁਰੂ ਹੋ ਗਏ ਅਤੇ ਅੱਜ ਇਨਾ ਨੂੰ ਸਾਡੇ ਸਭਿਆਚਾਰ ਦਾ ਹਿੱਸਾ ਬਣਾ ਦਿੱਤਾ ਗਿਆ ਹੈ। ਅੱਜ ਇਹਨਾਂ ਦੀ ਜਗ੍ਹਾ live concerts ਨੇ ਲੈ ਲਈ ਹੈ। ਫੇਰ ਟੈਲੀਵਿਜ਼ਨਾਂ ਦਾ ਯੁੱਗ ਆਇਆ ਅਤੇ ਜੋ ਪਰਿਵਾਰ ਦੇ ਮੈਂਬਰ ਅਖਾੜਿਆਂ ਤੋਂ ਵਾਂਝੇ ਰਹਿ ਜਾਂਦੇ ਸੀ ਉਹਨਾਂ ਤੱਕ ਵੀ ਪਹੁੰਚ ਜਾਂਦਾ ਹੈ। ਫ਼ੇਰ 2017- 18 ਵਿੱਚ ਪੰਜਾਬ ਵਿੱਚ ਸਮਾਰਟ ਫੋਨਾਂ ਦੀ ਅਜਿਹੀ ਹਨੇਰੀ ਚੱਲੀ ਕਿ ਬਹੁਤ ਸਾਰੇ ਘਰਾਂ ਵਿੱਚ ਘੱਟੋ ਘੱਟ ਇੱਕ ਸਮਾਰਟ ਫੋਨ ਹੁੰਦਾ ਸੀ। 2020 ਵਿੱਚ ਕਰੋਨਾ ਦੀ ਆੜ ਹੇਠ ਆਨਲਾਈਨ ਕਲਾਸਾਂ ਦਾ ਹਵਾਲਾ ਦੇ ਕੇ ਮਾਪਿਆਂ ਨੂੰ ਮਜਬੂਰ ਕਰ ਦਿੱਤਾ ਕਿ ਉਹ ਆਪਣੇ ਬੱਚਿਆਂ ਦੇ ਹੱਥ ਮੋਬਾਇਲ ਫੜਾ ਦੇਣ। ਇਹ ਸਭ ਤਾਂ ਅਸੀਂ ਜਾਣਦੇ ਹਾਂ ਕਿ ਬੱਚਿਆਂ ਨੇ ਸਮਾਰਟ ਫੋਨਾਂ ਤੇ ਆਨਲਾਈਨ ਪੜ੍ਹਾਈ ਦੇ ਨਾਂ ਤੇ ਆਪਣਾ ਸਮਾਂ ਸੋਸ਼ਲ ਮੀਡੀਆ ਤੇ ਬਰਬਾਦ ਕੀਤਾ।
ਅੱਜ ਸਾਡੇ ਬੱਚੇ ਸਮਾਰਟ ਫੋਨਾਂ ਵਿੱਚ ਮਨੋਰੰਜਨ ਦੇ ਨਾਂ ਤੇ ਇੰਸਟਾਗਰਾਮ ਰੀਲਾਂ, ਹਾਸੇ ਮਜਾਕ ਵਾਲੀਆਂ ਵੀਡੀਓ ਅਤੇ ਹੋਰ ਗੰਦ ਦੇਖ ਕੇ ਆਪਣਾ ਕਿੰਨਾ ਸਮਾਂ ਖਰਾਬ ਕਰਦੇ ਨੇ ਇਹ ਮੈਨੂੰ ਦੱਸਣ ਦੀ ਲੋੜ ਨਹੀਂ। ਅੱਜ ਸਾਡੇ ਕਿਸੇ ਬੱਚੇ ਤੋਂ ਲੈ ਕੇ ਨੌਜਵਾਨ ਤੱਕ ਕਿਸੇ ਤੋਂ ਗੁਰਬਾਣੀ,ਇਤਿਹਾਸ ਜਾ ਰਾਜਨੀਤੀ ਬਾਰੇ ਪੁੱਛ ਲਵੋ ਕਿਸੇ ਨੂੰ ਕੁਝ ਵੀ ਨਹੀਂ ਪਤਾ। ਤੁਸੀਂ ਵੱਖ ਵੱਖ ਥਾਂ ਤੇ ਲੱਗਦੇ ਧਰਨਿਆਂ ਤੇ ਵੇਖ ਸਕਦੇ ਹੋ ਕਿ ਕਿ ਉੱਥੇ ਕਿੰਨੇ ਕੁ ਨੌਜਵਾਨ ਜਾਂਦੇ ਹਨ ਤੁਹਾਨੂੰ ਹਰ ਥਾਂ ਬਜ਼ੁਰਗ ਹੀ ਮਿਲਣਗੇ। ਤੁਸੀਂ ਯੂਟੀਊਬ ਤੇ ਜਾਂ ਕਿਸੇ ਹੋਰ ਪਲੇਟਫਾਰਮ ਤੇ ਵਿਊ ਦੇਖ ਕੇ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਚੰਗੀਆਂ ਚੀਜ਼ਾਂ ਨੂੰ ਲੋਕ ਕਿੰਨਾ ਕੁ ਦੇਖਦੇ ਹਨ ਅਤੇ ਇੰਟਰਟੇਨਮੈਂਟ ਇੰਡਸਟਰੀ ਨੂੰ ਕਿੰਨਾ ?
ਹੇਠਾਂ ਕੁੱਝ ਸਵਾਲਾਂ ਦੇ ਜਵਾਬ ਹਨ ਜਿਹੜੇ ਅਕਸਰ ਸਾਡੇ ਮਨ ਵਿੱਚ ਆਉਂਦੇ ਹਨ :
ਫਿਲਮ ਇੰਡਸਟਰੀ ਵਿੱਚ ਇਤਿਹਾਸਕ ਫ਼ਿਲਮਾਂ ਵੀ ਬਣਦੀਆਂ ਹਨ। ਇਸ ਨਾਲ ਸਾਨੂੰ ਸਾਡੇ ਇਤਿਹਾਸ ਬਾਰੇ ਪਤਾ ਚਲਦਾ ਹੈ ਤਾਂ ਇਸ ਵਿੱਚ ਗ਼ਲਤ ਕੀ ਹੈ ?
ਹਰ film maker ਮੁੱਖ ਮਕਸਦ ਫਿਲਮ ਤੋਂ ਪੈਸਾ ਕਮਾਉਣਾ ਹੁੰਦਾ ਹੈ। ਜੇਕਰ ਉਹ ਕਿਸੇ ਇਤਿਹਾਸ ਦੇ ਵਿਸ਼ੇ ਤੇ ਫਿਲਮ ਬਣਾਏਗਾ ਤਾਂ ਉਸ ਨੂੰ ਕੁਝ ਨਾ ਕੁਝ ਮਸਾਲਾ ਜਰੂਰ ਜੋੜਨਾ ਪਵੇਗਾ ਤਾਂ ਜੋ ਲੋਕ ਜਿਆਦਾ ਤੋਂ ਜਿਆਦਾ ਫਿਲਮ ਨੂੰ ਦੇਖਣ। ਇਸ ਲਈ ਉਹ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਦੇ ਹਨ। ਉਸ ਦੇ ਅਜਿਹਾ ਕਰਨ ਨਾਲ ਸਾਡੇ ਤੱਕ ਗਲਤ ਇਤਿਹਾਸ ਪਹੁੰਚਦਾ ਹੈ। ਤੁਸੀਂ ਕਿਸੇ ਵੀ ਇਤਿਹਾਸਕ ਫਿਲਮ ਦੀ ਉਦਾਹਰਨ ਲੈ ਸਕਦੇ ਹੋ। ਚਾਰ ਸਾਹਿਬਜ਼ਾਦੇ ਫ਼ਿਲਮ ਵਿੱਚ ਸਾਹਿਬਜ਼ਾਦਿਆਂ ਦੀਆਂ ਦਸਤਾਰਾਂ 'ਤੇ ਖੰਡੇ ਦੀ ਨਿਸ਼ਾਨੀ, ਜਿਸ ਦੀ ਖੋਜ ਗੁਰੂ ਸਾਹਿਬਾਨ ਦੇ ਸਮੇਂ ਵੀ ਨਹੀਂ ਹੋਈ ਸੀ। ਨਾਲ ਹੀ ਮਾਤਾ ਗੁਜਰੀ ਜੀ ਨੂੰ ਬਿਨਾਂ ਦਸਤਾਰ ਦੇ ਦਿਖਾਇਆ ਗਿਆ ਹੈ ਜਦੋਂ ਕਿ ਓਹ ਅੰਮ੍ਰਿਤ ਛਕਣ ਤੋਂ ਬਾਅਦ ਹਮੇਸ਼ਾ ਦਸਤਾਰ ਪਹਿਨਦੇ ਸਨ ਅਤੇ ਕਦੇ ਵੀ ਕਮਜ਼ੋਰ ਜਾਂ ਭਾਵਨਾਤਮਕ ਵੀ ਨਹੀਂ ਸੀ ਜਿਵੇਂ ਕਿ ਫਿਲਮ ਵਿੱਚ ਦਿਖਾਇਆ ਗਿਆ ਹੈ। ਮੋਤੀ ਮਹਿਰਾ ਜੀ ਦੇ ਸੰਵਾਦ ਵੀ ਸਹੀ ਸਕ੍ਰਿਪਟ ਨਹੀਂ ਸਨ। ਜੇਕਰ ਤੁਸੀਂ ਕਿਤਾਬਾਂ ਰਾਹੀਂ ਉਹ ਇਤਿਹਾਸ ਪੜਦੇ ਹੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਜੋ ਫਿਲਮ ਵਿੱਚ ਦੇਖਿਆ ਉਸ ਵਿੱਚ ਬਹੁਤ ਅੰਤਰ ਲੱਭੇਗਾ।
ਦੂਜੀ ਗੱਲ ਜੇਕਰ ਫਿਲਮਾਂ ਰਾਹੀਂ ਇਤਿਹਾਸ ਦੱਸਣ ਨਾਲ ਸਮਾਜ ਨੂੰ ਸੇਧ ਮਿਲਦੀ ਤਾਂ ਸਰਕਾਰਾਂ ਦੇ ਸੈਂਸਰ ਬੋਰਡ ਕਦੇ ਵੀ ਚਾਰ ਸਾਹਿਬਜ਼ਾਦੇ ਜਾਂ ਨਾਨਕ ਸ਼ਾਹ ਫਕੀਰ ਵਰਗੀਆਂ ਫਿਲਮਾਂ ਨੂੰ ਰਿਲੀਜ਼ ਨਾ ਹੋਣ ਦਿੰਦੇ। ਜਿਵੇਂ ਓਹਨਾਂ ਨੇ ਦਲਜੀਤ ਦੋਸਾਂਝ ਦੀ ਚਮਕੀਲਾ ਫ਼ਿਲਮ ਨੂੰ ਪੂਰੀ ਖੁੱਲ ਦਿੱਤੀ ਜਦਕਿ ਜਸਵੰਤ ਸਿੰਘ ਖਾਲੜਾ ਤੇ ਬਣੀ ਫ਼ਿਲਮ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।

ਜੇਕਰ ਮੰਨੋਰੰਜਨ ਹੀ ਨਾ ਹੋਇਆ ਤਾਂ ਜ਼ਿੰਦਗੀ ਬਿਲਕੁੱਲ ਅਕਾਊ ( boring) ਹੋ ਜਾਵੇਗੀ ?
ਅੱਜ ਜਿਸਨੂੰ ਅਸੀਂ ਮੰਨੋਰੰਜਨ ਸਮਝਦੇ ਹਾਂ ਜਿਵੇਂ ਮੋਬਾਇਲ ਵਿੱਚ comedy ਦੇਖਣਾ, ਫਿਲਮ ਦੇਖਣ ਜਾਣਾ, ਪੱਬਾਂ ਕਲੱਬਾਂ ਚ ਜਾਣਾ ਆਦਿ ਇਹ ਸਭ ਸਾਡੇ ਮਨਾਂ ਵਿੱਚ ਭਰਿਆ ਗਿਆ ਹੈ। ਤੁਹਾਡੇ ਤੋਂ ਇੱਕ ਗੱਲ ਪੁੱਛਣੀ ਚਾਹਾਂਗਾ ਕਿ 100 ਸਾਲ ਪਹਿਲਾਂ ਸਾਡੇ ਬਜ਼ੁਰਗ ਮਨੋਰੰਜਨ ਨਹੀਂ ਕਰਦੇ ਸਨ ਜਾਂ ਇਸ ਤੋਂ ਵੀ ਪਹਿਲਾਂ 18ਵੀਂ ਦੇ ਸਿੰਘ ਮਨੋਰੰਜਨ ਨਹੀਂ ਕਰਦੇ ਸਨ। ਉਹਨਾਂ ਲਈ ਮਨੋਰੰਜਨ ਦਾ ਪੈਮਾਨਾ ਵੱਖਰਾ ਸੀ। ਉਹ ਤੱਤੀ ਤਵੀ ਤੇ ਬਹਿ ਕੇ, ਬੰਦ ਬੰਦ ਕਟਾ ਕੇ, ਚਰਖੜੀਆਂ ਤੇ ਚੜ੍ਹ ਕੇ ਅਤੇ ਫਾਂਸੀ ਤੇ ਚੜ੍ਹਨ ਲੱਗੇ ਵੀ ਮੰਨੋਰੰਜਨ ਦੀ ਅਵਸਥਾ ਵਿੱਚ ਹੁੰਦੇ ਸੀ। ਸਾਡੀ ਪਿਛਲੀ ਪੀੜ੍ਹੀ ਸਾਡੇ ਬਜ਼ੁਰਗ ਅੰਮ੍ਰਿਤ ਵੇਲੇ ਉੱਠ ਕੇ ਖੁਸ਼ ਹੁੰਦੇ ਸਨ ਪਰ ਸਾਡੀ ਅੱਜ ਦੀ ਪੀੜ੍ਹੀ ਨੂੰ ਲੇਟ ਉੱਠਣ ਵਿੱਚ ਖੁਸ਼ੀ ਹੁੰਦੀ ਹੈ। ਸਾਡੇ ਬਜ਼ੁਰਗ ਢਾਡੀ ਵਾਰਾਂ ਕਵੀਸ਼ਰੀ ਕਥਾ ਸੁਣ ਕੇ ਖੁਸ਼ੀ ਪ੍ਰਾਪਤ ਕਰਦੇ ਸਨ ਜਾ ਆਪਸ ਵਿੱਚ ਹਾਸੇ ਠੱਠੇ ਕਰਕੇ ਮਨੋਰੰਜਨ ਕਰਦੇ ਸਨ। ਅਸੀਂ ਇਹ ਨਕਲੀ ਜ਼ਿੰਦਗੀ ਵਿੱਚ ਰਹਿ ਕੇ ਆਪਣੇ ਅਸਲੀ ਯਾਰਾਂ ਦੋਸਤਾਂ ਭੈਣਾਂ ਭਰਾਵਾ ਰਿਸ਼ਤੇਦਾਰਾਂ ਮਾਂ ਬਾਪ ਅਤੇ ਸਮਾਜ ਨਾਲ ਬਿਲਕੁਲ ਕਿਨਾਰਾ ਕਰ ਲਿਆ ਹੈ।
ਗੀਤਾਂ ਰਾਹੀਂ ਸਾਡੀ ਬੋਲੀ ਅਤੇ ਸਭਿਆਚਾਰ ਬਾਰੇ ਬਾਹਰਲੇ ਮੁਲਕਾਂ ਦੇ ਲੋਕਾਂ ਨੂੰ ਪਤਾ ਲੱਗਦਾ ਹੈ ?
ਪਹਿਲੀ ਗੱਲ ਤਾਂ ਇਹ ਸਮਝਣ ਵਾਲੀ ਹੈ ਕਿ ਅਸੀਂ ਗੀਤਾਂ ਰਾਹੀ ਪੰਜਾਬ ਦਾ ਕਿਹੜਾ ਸੱਭਿਆਚਾਰ ਬਾਹਰਲੀ ਦੁਨੀਆਂ ਮੂਹਰੇ ਰੱਖ ਰਹੇ ਹਾਂ। ਕ ਜੋ ਗੀਤਾਂ ਵਿੱਚ ਅਮੀਰ ਲਾਈਫ ਸਟਾਈਲ, ਵੱਡੀਆਂ ਗੱਡੀਆਂ, ਬਦਮਾਸ਼ੀ ,ਸ਼ਰਾਬਾਂ, ਅੱਧ ਨੰਗੀਆਂ ਕੁੜੀਆਂ ਦਿਖਾਈਆਂ ਜਾਂਦੀਆਂ ਹਨ ਕੀ ਇਹ ਪੰਜਾਬ ਦਾ ਸੱਭਿਆਚਾਰ ਹੈ ਜਾ ਆਪਣੇ ਵੱਡਿਆਂ ਦੀ ਸ਼ਰਮ ਕਰਨੀ, ਸਿਰ ਤੇ ਚੁੰਨੀ ਰੱਖਣੀ, ਸਾਦਾ ਪਹਿਰਾਵਾ, ਸਾਦਾ ਜੀਵਨ ਨਸ਼ਿਆਂ ਤੋਂ ਰਹਿਤ, ਹਰ ਧੀ ਭੈਣ ਦੀ ਇੱਜਤ ਕਰਨੀ, ਸੰਘਰਸ਼ ਕਰਨੇ, ਆਪਣੇ ਹੱਕਾਂ ਲਈ ਲੜਨਾ ਇਹ ਪੰਜਾਬ ਦਾ ਸੱਭਿਆਚਾਰ ਹੈ।
ਕਈ ਕਹਿੰਦੇ ਹਨ ਕਿ ਉਹ ਉਹ ਗਾਇਕ ਸਾਡੀ ਪੱਗ ਨੂੰ ਪੂਰੀ ਦੁਨੀਆਂ ਵਿੱਚ ਲੈ ਗਿਆ ਜਾਂ ਉਸ ਨੇ ਪੱਗ ਪੂਰੀ ਦੁਨੀਆ ਵਿੱਚ ਪ੍ਰਮੋਟ ਕਰ ਦਿੱਤੀ। ਕੀ ਪਹਿਲਾਂ ਪੱਗ ਵਾਲਿਆਂ ਨੂੰ ਕੋਈ ਜਾਣਦਾ ਨਹੀਂ ਸੀ ? ਸੱਚਾਈ ਤਾਂ ਇਹ ਹੈ ਕਿ ਪੱਗ ਨੇ ਗਾਇਕਾਂ ਨੂੰ ਪ੍ਰਮੋਟ ਕੀਤਾ ਨਾ ਕਿ ਗਾਇਕਾਂ ਨੇ ਪੱਗ ਨੂੰ ?
ਸਾਡੇ ਕਿਰਦਾਰਾਂ ਦਾ ਅੱਜ ਦੇ ਸਮੇਂ ਅਤੇ ਪੁਰਾਣੇ ਸਮੇਂ ਵਿੱਚ ਇਨਾ ਹੀ ਫਰਕ ਹੈ ਕਿ ਪਹਿਲਾਂ ਅੰਗਰੇਜ਼ ਸਾਡੀ ਫੌਜ ਵਿੱਚ ਬਹਾਦਰੀ ਦੀ ਤਾਰੀਫ਼ ਕਰਦੇ ਸੀ ਅਤੇ ਹੁਣ ਸਾਡੇ ਨੱਚਣ ਗਾਉਣ ਦੀ।
ਸੋਸ਼ਲ ਮੀਡਿਆ ਰਾਹੀ ਸਾਨੂੰ ਸਰਕਾਰ ਦੀਆਂ ਗ਼ਲਤ ਨੀਤੀਆਂ ਬਾਰੇ ਪਤਾ ਲਗਦਾ ਹੈ ਅਤੇ ਅਸੀਂ ਇੱਕਠੇ ਹੋ ਕੇ ਲੜਦੇ ਹਾਂ ?
ਇਹ ਬਿਲਕੁੱਲ ਸਹੀ ਗੱਲ ਹੈ ਕਿ ਸੋਸ਼ਲ ਮੀਡੀਆ ਰਾਹੀਂ ਸਾਨੂੰ ਸਮਾਜ ਵਿੱਚ ਵਾਪਰ ਰਹੀਆਂ ਗਲਤ ਘਟਨਾਵਾਂ ਬਾਰੇ ਪਤਾ ਲੱਗਦਾ ਹੈ। ਪਰ ਕੀ ਸਮੱਸਿਆਵਾਂ ਨੂੰ ਜਾਣ ਲੈਣਾ ਹੀ ਜਰੂਰੀ ਹੈ ਜਾਂ ਉਹਨਾਂ ਉੱਤੇ ਕੋਈ ਐਕਸ਼ਨ ਲੈਣਾ। 2015 ਤੋਂ ਹੁਣ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਇਨੀਆਂ ਬੇਅਦਵੀਆਂ ਹੋ ਚੁੱਕੀਆਂ ਹਨ ਅਸੀਂ ਆਏ ਦਿਨ ਕਿਸੇ ਨਾ ਕਿਸੇ ਗੁਰਦੁਆਰੇ ਵਿੱਚ ਬੇਅਦਬੀ ਹੁੰਦੀ ਦੀ ਵੀਡੀਓ ਦੇਖ ਰਹਿੰਦੇ ਹਾਂ। ਪਰ ਸਾਡੇ ਵਿੱਚੋਂ ਕਿੰਨੇ ਕਿੰਨੇ ਜਾਣੇ ਉਸ ਬੇਅਦਬੀ ਵਾਲੀ ਥਾਂ ਤੇ ਜਾਂਦੇ ਹਨ ਇਹ ਸਭ ਨੂੰ ਪਤਾ ਹੈ। ਅਸੀਂ ਸਿਰਫ ਵੀਡੀਓ ਦੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣ ਜੋਗੇ ਹਾਂ। ਆ ਜੋ ਕਿਸਾਨੀ ਅੰਦੋਲਨ ਦੁਬਾਰਾ ਸ਼ੁਰੂ ਹੋਇਆ ਹੈ ਉਸ ਵਿੱਚ ਜਾਣ ਵਾਲਿਆਂ ਗਿਣਤੀ ਕਿੰਨੀ ਹੈ ਹੈ ਤੇ ਜਿਨਾਂ ਕੋਲੇ ਮੋਬਾਇਲ ਹਨ ਉਹਨਾਂ ਦੀ ਗਿਣਤੀ ਕਿੰਨੀ ਹੈ ਤੁਸੀਂ ਆਪ ਅੰਦਾਜ਼ਾ ਲਾ ਲਓ। ਜਿਹੜੇ ਉਥੇ ਗਏ ਵੀ ਹਨ ਉਹਨਾਂ ਵਿੱਚੋਂ 50 ਫੀਸਦੀ ਬੰਦਿਆਂ ਕੋਲੇ ਕੋਈ ਸਮਾਰਟ ਫੋਨ ਨਹੀਂ ਹੋਣੇ। ਇਸ ਗੱਲ ਵਿੱਚ ਕੋਈ ਦੋਹਰਾਏ ਨਹੀਂ ਕਿ ਸੋਸ਼ਲ ਮੀਡੀਆ ਨੇ ਬਹੁਤ ਥਾਵਾਂ ਤੇ ਲੋਕਾਂ ਨੂੰ ਇਕੱਠਿਆ ਕਰਨ ਵਿੱਚ ਸਹਾਇਤਾ ਕੀਤੀ ਹੈ। ਉਦਾਹਰਨ ਵਜੋਂ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਜਿਤਾਉਣ ਵਿੱਚ ਵੀ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਰੋਲ ਰਿਹਾ ਹੈ ਅਤੇ ਭਾਨਾ ਸਿੱਧੂ ਨੂੰ ਰਿਹਾ ਕਰਾਉਣ ਵਿੱਚ ਵੀ ਉਸਨੇ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਪਰ ਇਹ ਗੱਲ ਵੀ ਸੱਚ ਹੈ ਕਿ ਜੇਕਰ ਸੋਸ਼ਲ ਮੀਡੀਆ ਨਾ ਹੁੰਦਾ ਇਨਾ ਇਕੱਠਾਂ ਵਿੱਚ ਜਾਣ ਵਾਲਿਆਂ ਦੀ ਗਿਣਤੀ 10 ਗੁਣਾ ਜਿਆਦਾ ਹੋਣੀ ਸੀ।