ਆਉਣ ਵਾਲੇ 10-15 ਸਾਲਾਂ ‘ਚ ਇੱਕ ਪੀੜੀ ਸੰਸਾਰ ਛੱਡ ਕੇ ਚੱਲੀ ਜਾਏਗੀ... ਓਹ ਲੋਕ ਜਿੰਨਾ ਦੀ ਉਮਰ ਇਸ ਵੇਲੇ 65-70 ਸਾਲ ਹੈ। ਏਸ ਪੀੜੀ ਦੇ ਲੋਕ ਬਿਲਕੁਲ ਅਲੱਗ ਹਨ... ਰਾਤ ਨੂੰ ਜਲਦੀ ਸੋ ਕੇ ਸਵੇਰੇ ਜਲਦੀ ਉੱਠਣ ਵਾਲੇ, ਘਰ ‘ਚ ਲੱਗੇ ਪੌਦਿਆਂ ਨੂੰ ਪਾਣੀ ਦੇਣ ਵਾਲੇ, ਟਹਿਲ-ਕਦਮੀ ਕਰਦਿਆਂ ਸੈਰ ਕਰਨ ਵਾਲੇ। ਮੰਦਰ-ਮਸੀਤ- ਗੁਰੂਦੁਆਰੇ ਜਾਣ ਵਾਲੇ, ਸਵੇਰੇ ਸ਼ਾਮ ਰੱਬ ਦਾ ਨਾਮ ਲੈਣ ਵਾਲੇ, ਰਸਤੇ ‘ਚ ਮਿਲਣ ਵਾਲੇ ਨੂੰ ਰਾਮ-ਰਾਮ, ਅਦਾਬ, ਸਤਿ ਸ੍ਰੀ ਅਕਾਲ ਬੁਲਾਉਣ ਵਾਲੇ, ਸਭ ਦਾ ਹਾਲ-ਚਾਲ ਪੁੱਛਣ ਵਾਲੇ। ਤਿੱਥ-ਤਿਉਹਾਰ, ਰੀਤੀ-ਰਿਵਾਜ਼, ਮੱਸਿਆ-ਪੂਰਨਮਾਸੀ, ਇਕਾਦਸ਼ੀ ਦਾ ਧਿਆਨ ਰੱਖਣ ਵਾਲੇ, ਜੰਮਣੇ-ਮਰਨੇ ਦੀਆਂ ਤਰੀਕਾਂ ਯਾਦ ਰੱਖ਼ਣ ਵਾਲੇ, ਰੱਬ ਦਾ ਡਰ ਮੰਨਣ ਵਾਲੇ, ਵਰਤ ਰੱਖਣ ਵਾਲੇ, ਨਜ਼ਰ ਉਤਾਰਨ ਵਾਲੇ। ਅਖਬਾਰ ਨੂੰ ਉਲਟ-ਪਲਟ ਕੇ ਦਿਨ ‘ਚ ਦੋ ਵਾਰੀ ਪੜਨ ਵਾਲੇ, ਘਰ ਦਾ ਕੁਟਿਆ ਮਸਾਲਾ ਵਰਤਣ ਵਾਲੇ, ਦਿਨ ਵਿੱਚ 5-7 ਵਾਰ ਚਾਹ ਪੀਣ ਵਾਲੇ, ਆਚਾਰ ਪਾਉਣ ਵਾਲੇ, ਪੁਰਾਣੀਆਂ ਚੱਪਲਾਂ ਪਾ ਕੇ ਘੁੰਮਣ ਵਾਲੇ। ਘਰੇ ਆਏ ਮੰਗਤੇ ਨੂੰ ਖੈਰ ਪਾਉਣ ਵਾਲੇ, ਪਿੰਡ ਫੇਰੀ ਵਾਲੇ ਤੋਂ ਸਬਜੀ ਲੈਣ ਵਾਲੇ, ਰੋਜ਼ਾਨਾ ਡਾਇਰੀ ਵਿੱਚ ਘਰ ਦੇ ਖ਼ਰਚੇ ਦਾ ਹਿਸਾਬ ਰੱਖਣ ਵਾਲੇ, ਰਸੋਈ ਦੀ ਅਲਮਾਰੀ ਵਿੱਚ ਪੈਸੇ ਰੱਖਣ ਵਾਲੇ ਸੋਸ਼ਲ ਮੀਡੀਆ ਤੋਂ ਕੋਹਾਂ ਦੂਰ, ਖੇਤ ਗੇੜਾ ਲਾਉਣ ਵਾਲੇ, ਸੰਤੋਖੀ ਤੇ ਸਾਦਗੀ ਵਾਲਾ ਜੀਵਨ ਜੀਣ ਵਾਲੇ, ਕਬੀਲਦਾਰੀ ਨਿਭਾਉਣ ਵਾਲੇ,ਮਿਲਾਵਟ ਤੇ ਬਣਾਵਟ ਤੋਂ ਦੂਰ ਰਹਿਣ ਵਾਲੇ, ਧਰਮ ਦੇ ਰਸਤੇ ‘ਤੇ ਚੱਲਣ ਵਾਲੇ, ਸਭ ਦਾ ਫਿਕਰ ਕਰਨ ਵਾਲੇ। ਮਨੁੱਖੀ ਇਤਿਹਾਸ ਦੀ ਏਹ ਆਖਰੀ ਪੀੜੀ ਹੈ, ਜਿਸਨੇ ਆਪਣੇ ਵੱਡਿਆਂ ਦੀ ਵੀ ਸੁਣੀ ਤੇ ਹੁਣ ਛੋਟਿਆਂ ਦੀ ਵੀ ਸੁਣ ਰਹੇ ਹਨ...




ਸਾਡੀਆਂ ਦਾਦੀਆਂ ਮਾਵਾਂ ਦੀ ਉਹ ਆਖਰੀ ਪੀੜ੍ਹੀ ਚੱਲ ਰਹੀ ਹੈ ਜਿਨ੍ਹਾਂ ਨੂੰ ਫੋਨਾਂ ਦੇ ਲੌਕ ਨਹੀਂ ਖੋਲ੍ਹਣੇ ਆਉਂਦੇ ਜਿਹੜੀਆਂ ਵੀਡੀਓ ਕਾਲ ਤੇ ਸਿਰਫ ਮੱਥੇ ਹੀ ਦਿਖਾਉਂਦੀਆਂ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਜਦੋਂ ਕਿਸੇ ਨੇੜਲੇ ਨਾਲ ਗੁੱਸਾ ਗਿਲਾ ਹੋਵੇ ਤਾਂ ਉਹਨਾਂ ਨੂੰ ਵਿਖਾਉਣ ਲਈ ਸਟੇਟਸ ਕਿਵੇਂ ਚਾੜ੍ਹਨੇ ਆ ਜਿਹੜੀਆਂ ਕੋਠੀਆਂ ਦੇ ਲੈਂਟਰਾਂ ਤੇ ਲੀੜੇ ਸੁੱਕਣੇ ਪਾਉਣ ਦੀ ਤਾਰ ਬੰਨਣ ਲਈ ਜਿੱਦ ਨੀ ਇਹ ਘਰੋਂ ਨੰਗੇ ਸਿਰ ਬਾਹਰ ਨਿਕਲ ਨਹੀਂ ਦਿੰਦੀਆਂ ਪੰਡਤ ਜਾਂ ਨਿਹਿੰਗ ਸਿੰਘ ਨੂੰ ਦੂਰੋਂ ਆਉਂਦੇ ਵੇਖ ਹੱਥ ਜੋੜ ਨੀਵੀਂ ਪਾ ਕੇ ਰਾਹ ਛੱਡ ਜਾਂਦੀਆਂ ਨੇ ਤੱਤੀ ਚਾਹ ਦੇ ਗਿਲਾਸ ਨੂੰ ਚੁੰਨੀ ਦੇ ਲੜ ਨਾਲ ਫੜ੍ਹਦੀਆਂ ਨੇ ਇਹ ਉਹ ਆਖਰੀ ਦੌਰ ਦੀਆਂ ਬੀਬੀਆਂ ਨੇ ਜਿਨਾਂ ਨੇ ਹਜੇ ਵੀ ਖੰਡ ਵਾਲੀਆਂ ਪੀਪੀਆਂ ਚ ਨੋਟ ਸਾਂਭ ਰੱਖੇ ਨੇ ਜੋ ਆਏ ਗਏ ਦਾ ਸੱਚੀ ਹੀ ਚਾਅ ਕਰਦੀਆਂ ਨੇ ਜੋ ਦੋਹਤੇ ਦੋਹਤੀਆਂ ਪੋਤੇ ਪੋਤੀਆਂ ਨੂੰ ਪਿਆਰ ਨਾਲ ਘੁੱਟ ਕੇ ਨਾਲ ਲਾਉਂਦੀਆਂ ਨੇ ਤੁਰ ਗਿਆਂ ਨੂੰ ਚੇਤੇ ਕਰ ਅੱਖਾਂ ਭਰਦੀਆਂ ਨੇ ਨਵਜੰਮੇ ਬੱਚਿਆਂ ਦੇ ਪੋਲੇ ਹੱਥਾਂ ਤੇ ਆਪਣੇ ਖੁਰਦਰੇ ਹੱਥ ਰੱਖ ਕਿਸਮਤ ਦੀਆਂ ਲੀਕਾਂ ਦੇ ਵਟਾਂਦਰੇ ਕਰਦੀਆਂ ਨੇ..


ਜੇਕਰ ਸਾਡੇ ਮਨਾਂ ਵਿੱਚ ਪੰਜਾਬ ਲਈ ਥੋੜ੍ਹਾ ਬਹੁਤਾ ਵੀ ਦਰਦ ਬਚਿਆ ਤਾਂ ਵੱਧ ਤੋਂ ਵੱਧ ਸਮਾਂ ਇਹਨਾਂ ਬਜ਼ੁਰਗਾਂ ਨਾਲ਼ ਬਤੀਤ ਕਰੋ। ਇਹਨਾਂ ਤੋਂ ਪੁਰਾਣੇ ਰਵਾਇਤੀ ਤਰੀਕੇ ਨਾਲ਼ ਕੰਮ ਕਾਜ ਕਰਨੇ ਸਿੱਖੋ ਜਿਵੇਂ ਸਾਡੀਆਂ ਦਾਦੀਆਂ ਹੱਥੀਂ ਦਰੀਆਂ, ਖੇਸ, ਮੰਜੇ, ਪੀੜੀਆਂ, ਕੋਟੀਆਂ ਸਵੈਟਰ ਬੁਣਦੀਆਂ ਸਨ , ਸੇਵੀਆਂ ਵੱਟਦੀਆਂ ਸਨ। ਇਹ ਕੰਮ ਸਾਡੀਆਂ ਭੈਣਾਂ ਨੂੰ ਵੀ ਓਹਨਾਂ ਤੋਂ ਸਿੱਖਣਾ ਚਾਹੀਦਾ ਹੈ। ਪਰ ਅਫ਼ਸੋਸ ਦੀ ਗੱਲ ਸਾਡੀਆਂ ਭੈਣਾਂ ਆਪਣੇ ਆਪ ਨੂੰ ਮਾਡਰਨ ਕਹਾਉਣ ਵਿੱਚ ਸ਼ਾਨ ਮਹਿਸੂਸ ਕਰਦੀਆਂ ਹਨ। ਏਹੀ ਹਾਲ਼ ਸਾਡੇ ਨੌਜਵਾਨਾਂ ਦਾ ਹੈ। ਉਹ ਆਪਣੇ ਆਪ ਨੂੰ ਜਿਆਦਾ ਪੜ੍ਹੇ ਲਿਖੇ ਸਮਝਣ ਲੱਗ ਪਏ ਹਨ। ਕਿਤੇ ਤਾਂ ਓਹਨਾਂ ਨੇ ਸਾਡੇ ਬਜ਼ੁਰਗਾਂ ਤੋਂ ਸਬਰ ਸੰਤੋਖ, ਸਾਦੀ ਜ਼ਿੰਦਗੀ ਜਿਉਣਾ, ਕਰਜ਼ਾ ਚੱਕਣ ਤੋਂ ਪਰਹੇਜ਼ ਕਰਨਾ, ਪੈਸੇ ਦੀ ਕਦਰ ਕਰਨਾ ਅਤੇ ਭਵਿੱਖ ਲਈ ਬੱਚਤ ਕਰਨੀ, ਸਰਕਾਰਾਂ ਦੀਆਂ ਗ਼ਲਤ ਨੀਤੀਆਂ ਵਿਰੁੱਧ ਸੰਘਰਸ਼ ਕਰਨੇ, ਲੋੜ ਪੈਣ ਤੇ ਇੱਕ ਦੂਜੇ ਨਾਲ ਖੜਨਾ, ਅੰਮ੍ਰਿਤ ਵੇਲੇ ਉੱਠਣਾ , ਗੂਰੂ ਘਰ ਜਾਣਾ ਆਦਿ ਸਿੱਖਣਾ ਸੀ ਪਰ ਸਾਡੇ ਨੌਜਵਾਨ ਇਸ ਦੇ ਬਿਲਕੁੱਲ ਉਲਟ ਚੱਲ ਰਹੇ ਹਨ।
ਸੋ ਜੇਕਰ ਪੰਜਾਬ ਨੂੰ ਮੁੜ ਸੁਰਜੀਤ ਕਰਨਾ ਤਾਂ ਇਹਨਾਂ ਦੇ ਗੁਣ ਆਪਣੇ ਆਪ ਵਿੱਚ ਸ਼ਾਮਲ ਕਰਨੇ ਸ਼ੁਰੂ ਕਰੀਏ...