ਇਹ ਪੁਸ਼ਨ ਕੁਝ ਬਣਾਉਟੀ ਸਿੱਖਾਂ ਤੇ ਗੈਰ - ਸਿੱਖਾਂ ਦੇ ਮਨਾਂ ਵਿਚ ਪੈਦਾ ਹੋਣਾ ਸੁਭਾਵਿਕ ਹੈ, ਜਦ ਉਹ ਅਖਬਾਰਾਂ ਵਿਚ ਅਜਿਹੀਆਂ ਖਬਰਾਂ ਪੜ੍ਹਦੇ ਹਨ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹਥਿਆਰ ਰੱਖਦੇ ਹਨ, ਹਥਿਆਰਾਂ ਨੂੰ ਪਿਆਰ ਕਰਦੇ ਹਨ, ਹਥਿਆਰਾਂ ਨੂੰ ਸ਼ਿੰਗਾਰ ਸਮਝ ਕੇ ਪਹਿਨਦੇ ਹਨ ਤੇ ਹਥਿਆਰਾਂ ਦਾ ਖੁੱਲ੍ਹਾ ਪ੍ਰਦਰਸ਼ਨ ਕਰਦੇ ਹਨ, ਉਨ੍ਹਾਂ ਦੇ ਸੇਵਕ ਵੀ ਮੁਕੰਮਲ ਤੋਰ ਤੇ ਹਥਿਆਰਬੰਦ ਹਨ ਤੇ ਯੁੱਧ ਕਰਨ ਲਈ ਹਮੇਸ਼ਾ ਤਿਆਰ -ਬਰ-ਤਿਆਰ ਰਹਿੰਦੇ ਹਨ ਆਦਿ । ਇਨਾਂ ਲੋਕਾਂ ਦੇ ਖਿਆਲ ਵਿਚ ਸੰਤਾਂ ਦਾ ਕਰਤੱਵ ਮਾਲਾ ਫੇਰਨੀ, ਨਾਮ ਜਪਣਾ ਤੇ ਨਾਮ ਜਪਾਉਣਾ ਹੀ ਹੁੰਦਾ ਹੈ। ਹਥਿਆਰ ਰੱਖਣਾ ਜਾਂ ਹਥਿਆਰ ਚਲਾਉਣ ਦੀ ਟਰੇਨਿੰਗ ਦੇਣਾ ਨਹੀਂ। ਅਣਮਤੀਆਂ ਦੇ ਇਸ ਵਿਚਾਰ ਦਾ ਕਾਰਨ ਇਹ ਹੈ ਕਿ, ਉਨ੍ਹਾਂ ਦੇ ਸੰਤਾਂ ਭਗਤਾਂ ਨੇ ਕਦੇ ਕੋਈ ਹਥਿਆਰ ਨਹੀਂ ਰੱਖਿਆ ਤੇ ਕੇਵਲ ਭਗਤੀ ਵਿਚ ਹੀ ਲੱਗੇ ਰਹੇ। ਇਹ ਲੋਕ ਦੁਨੀਆਂ ਦੇ ਆਧੁਨਿਕ ਮੱਤ 'ਸਿੱਖ ਧਰਮ' ਦੇ ਅਸੂਲਾਂ ਤੋਂ ਅਣਜਾਣ ਹੋਣ ਕਾਰਨ ਹੀ ਇਹ ਸਵਾਲ ਉਠਾਉਂਦੇ ਹਨ ਕਿਉਂਕਿ ਉਹ ਨਹੀਂ ਜਾਣਦੇ ਕਿ ਸਿੱਖਾਂ ਦੇ ਦਸਵੇਂ ਗੁਰੂ ਨੇ ਖੰਡੇ ਦੀ ਧਾਰ 'ਚੋਂ' ਅਜਿਹੇ 'ਸੰਤ' ਪੈਦਾ ਕੀਤੇ ਸਨ, ਜੋ ਨਿਰੋ ਸੰਤ ਨਹੀਂ ਬਲਕਿ 'ਸੰਤ-ਸਿਪਾਹੀ ਸਨ. ਜਿਨ੍ਹਾਂ ਨੂੰ ਹਰ ਰੋਜ ਪੰਜਾਂ ਬਾਣੀਆਂ ਦਾ ਪਾਠ ਕਰਨ, ਪੰਜ ਕਕਾਰ (ਕੇਸ, ਕੰਘਾ, ਕਛਹਿਰਾ, ਕੜਾ ਤੇ ਕ੍ਰਿਪਾਨ) ਧਾਰਨ ਕਰਨ ਤੇ ਹੋਰ ਹਥਿਆਰ ਰੱਖਣ ਦਾ ਹੁਕਮ ਵੀ ਦਿੱਤਾ ਗਿਆ ਸੀ । ਸਿੱਖ ਧਰਮ ਦੇ ਦਸਵੇਂ ਗੁਰੂ ਨੇ ਨਵੀਂ ਕਿਸਮ ਦੇ ਸ਼ਸਤਰਧਾਰੀ ਸੰਤਾ ਦਾ ਨਾਂ 'ਖਾਲਸਾ' ਰੱਖ ਕੇ ਉਨ੍ਹਾਂ ਨੂੰ 'ਅਕਾਲ ਪੁਰਖ ਦੀ ਫੌਜ' ਦਾ ਦਰਜਾ ਦਿੱਤਾ ਸੀ । 'ਸਰਬ ਲੋਹ ਗ੍ਰੰਥ' ਵਿਚ ਦਰਜ ਹੈ:
"ਖਾਲਸਾ ਅਕਾਲ ਪੁਰਖ ਕੀ ਫੌਜ ॥ ਪ੍ਰਗਟਿਉ ਖਾਲਸਾ ਪ੍ਰਮਾਤਮ ਕੀ ਮੌਜ ।"
ਸਿੱਖਾਂ ਨੂੰ ਸ਼ਸਤਰ ਰੱਖਣ ਦਾ ਆਦੇਸ਼ ਰਹਿਤਨਾਮਿਆਂ ਵਿਚ ਵੀ ਦਿੱਤਾ ਗਿਆ ਹੈ।
ਮਿਸਾਲ ਵਜੋਂ:
- "ਖਾਲਸਾ ਸੋਈ ਸ਼ਸਤਰ ਕਉ ਧਾਰੈ ॥ ਖਾਲਸਾ ਸੋਈ ਦੁਸ਼ਟ ਕਉ ਮਾਰੈ ॥"
(ਭਾਈ ਨੰਦ ਲਾਲ ਜੀ)
"ਸ਼ਸਤਰ ਹੀਨ ਇਹ ਕਬਹੂੰ ਨਾ ਹੋਈ ॥ ਰਹਿਤਵੰਤ ਖਾਲਿਸ ਹੈ ਸੋਈ ।"
ਭਾਈ ਦੇਸਾ ਸਿੰਘ ਜੀ।
ਨੀਲੇ ਘੋੜੇ ਦੇ ਸਾਹਸਵਾਰ, ਚਿੱਟਿਆਂ ਬਾਜਾਂ ਵਾਲੇ ਤੇ ਤੀਰ ਕਮਾਨਾਂ ਵਾਲੇ ਇਨਕਲਾਬੀ ਜੋਧੇ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਸਤਰਾਂ ਦੀ ਸ਼ਲਾਘਾ ਵਿਚ ਬੜਾ ਕੁਝ ਲਿਖਿਆ ਹੈ। ਤੇਗ ਦੀ ਤਾਰੀਫ ਕਰਦਿਆਂ ਤੀਰ - ਕਮਾਨ ਵਾਲੇ ਪਾਤਸ਼ਾਹ ਫੁਰਮਾਉਂਦੇ ਹਨ
"ਖਗ ਖੰਡ ਬਿਹੰਡੇ ਖਲ ਦਲ ਖੰਡੰ ਅਤਿਰਣ ਮੰਡੰ ਬਰ ਭੰਡੰ। ਭੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤਿ ਅਮੰਡੰ ਭਾਨ ਪ੍ਰਭੰ । ਸੁਖ ਸੰਤਾ ਕਰਣੰ ਦੁਰ ਮਤਿ ਦਰਣੰ ਕਿਲ ਬਿਖ ਹਰਣੰ ਅਸ ਸਰਣੰ । ਜੈ ਜੈ ਜਗ ਕਾਰਣ ਸ੍ਰਿਸ਼ਟ ਉਭਾਰਣ ਮਮ ਪ੍ਰਤਿ ਪਾਰਣ ਜੈ ਤੇਗੰ।"
ਦਸਮ ਪਾਤਸ਼ਾਹ ਨੇ ਹਥਿਆਰਾਂ ਨੂੰ ਪੀਰਾਂ ਦਾ ਦਰਜਾ ਦਿੱਤਾ ਹੈ ਤੇ ਲਿਖਿਆ ਹੈ
"ਅਸਿ ਕਿਰਪਾਨ ਖੰਡਾ ਖੜਗ ਤਮਰ ਤਪਕ ਅਰ ਤੀਰ ॥ ਸੈਫ ਸਰੋਹੀ ਸੈਹਥੀ ਯੇਹੀ ਹਮਾਰੇ ਪੀਰ ॥"
ਸਿੰਘਾਂ ਵਾਸਤੇ ਹਥਿਆਰ ਰੱਖਣੇ ਜ਼ਰੂਰੀ ਹਨ। ਜਿਹੜਾ ਸਿੱਖ ਹਥਿਆਰ ਨਹੀਂ ਰੱਖਦਾ, ਉਹ ਭੇਡ ਵਰਗਾ ਲਗਦਾ ਹੈ। ਕਿਹੈ ਗੁਰੂ ਜੀ ਨੇ:
"ਬਿਨਾ ਕੇਸ ਸ਼ਸਤਰ ਨਿਰਾ ਭੇਡ ਜਾਨੋ ॥... ਇਹੀ ਮੇਰ ਆਗਿਆ ਸੁਣੇ ਹੋ ਪਿਆਰੇ ॥ ਬਿਨਾਂ ਕੇਸ ਸ਼ਸਤਰ ਨਾ ਦਿਆਂ ਦੀਦਾਰੇ ॥"
ਇਸ ਵਾਸਤੇ ਅਸੀਂ ਸ਼ਸਤਰ ਰੱਖਦੇ ਹਾਂ । ਸ਼ਸਤਰ ਰੱਖ ਕੇ ਕਿਸੇ ਨਾਲ ਧੋਖਾ ਕਰਨਾ ਬਹੁਤ ਪਾਪ ਹੈ। ਕਿਸੇ ਸਿੱਖ ਵਾਸਤੇ ਸ਼ਸਤਰ ਰੱਖ ਕੇ ਆਪਣਾ ਹੱਕ ਨਾ ਲੈਣਾ ਵੀ ਬਹੁਤ ਵੱਡਾ ਪਾਪ ਹੈ। ਅਸੀਂ ਨਾ ਤਾਂ ਕਿਸੇ ਦਾ ਘਿਰਾਓ ਕਰਦੇ ਹਾਂ ਅਤੇ ਨਾ ਕੋਈ ਬੰਦਾ ਮਾਰਦੇ ਹਾਂ । ਨਾ ਸ਼ਿਕਾਰ ਖੇਡਦੇ ਹਾਂ। ਨਾ ਕਿਸੇ ਨੂੰ ਬਿਨਾਂ ਕਾਰਨ ਦਬਾਉਂਦੇ ਹਾਂ । ਸ਼ਸਤਰ ਰੱਖੇ ਹਨ ਤੇ ਆਪਣੀ ਰੱਖਿਆ ਵਾਸਤੇ ਰੱਖੇ ਹਨ ਸ਼ਸਤਰਾਂ ਬਾਰੇ ਗੁਰੂ ਗੋਬਿੰਦ ਸਿੰਘ ਜੀ ਨੇ ਫੁਰਮਾਇਆ ਹੈ ਕਿ, ਉਹ ਉਸ ਸਿੱਖ ਨੂੰ ਦਰਸ਼ਨ ਨਹੀਂ ਦੇਣਗੇ, ਜੋ ਸ਼ਸਤਰਧਾਰੀ ਨਹੀਂ ਤੇ ਦਸਤਾਰ ਨਹੀਂ ਸਜਾਉਂਦਾ ।
ਸ਼ਸਤਰ ਲੁੱਟ - ਖੋਹ ਤੇ ਕਤਲ - ਗਾਰਤ ਲਈ ਨਹੀਂ ਵਰਤਣੇ ਚਾਹੀਦੇ। ਅਜਿਹਾ ਕਰਨ ਦੀ ਸਾਡੇ ਧਰਮ ਵਿਚ ਮਨਾਹੀ ਹੈ ।
ਲੇਕਿਨ ਹਥਿਆਰ ਰੱਖਣੇ ਤੇ ਆਪਣੇ ਹੱਕਾਂ ਲਈ ਨਾ ਲੜਨਾ ਪਾਪ ਹੈ । ਏਸੇ ਤਰ੍ਹਾਂ ਸ਼ਸਤਰ ਪਹਿਨਣੇ ਪਰ ਆਪਣੇ ਧਰਮ ਦੀ ਰੱਖਿਆ ਨਾ ਕਰਨਾ ਵੀ ਪਾਪ ਹੈ ।"