ਵਿਕਾਸ ਦੇ ਨਾਂਅ ਤੇ ਪਿੰਡਾਂ ਨੂੰ ਉਜਾੜ ਕੇ ਸ਼ਹਿਰ ਬਣਾਏ ਜਾ ਰਹੇ ਨੇ

 ਅੱਜ ਵਿਕਾਸ ਦੇ ਨਾਂ ਤੇ ਜੋ ਸਾਨੂੰ ਉਜਾੜੇ ਵੱਲ ਲਿਜਾਇਆ ਜਾ ਰਿਹਾ, ਪੰਜਾਬ ਦੇ ਪਿੰਡ ਵੀ ਇਸਦੀ ਚਪੇਟ ਵਿੱਚ ਆ ਚੁੱਕੇ ਹਨ। ਇਹਦਾ ਵਿਸਥਾਰ ਦੇਖੀਏ ਤਾਂ ਸਭ ਤੋਂ ਪਹਿਲਾਂ ਇਸ ਦੇ ਤਹਿਤ ਪਿੰਡਾਂ ਨੂੰ ਉਜਾੜਨ ਦੀ ਮਨਸ਼ਾ ਹੈ। ਸਾਡੇ ਲਈ ਜਿਹੜੇ ਤਿੰਨ ਕਾਲੇ ਕਾਨੂੰਨ ਆਏ ਸਨ ਉਹ ਏਸ ਪਾਸੇ ਵੱਲ ਮੁੱਢਲਾ ਕਦਮ ਸੀ। ਸੋਚ ਇਹ ਸੀ ਕਿ ਅਸਿੱਧੇ ਤਰੀਕੇ ਨਾਲ ਪਹਿਲਾਂ ਪਿੰਡਾਂ ਵਾਲਿਆਂ ਨੂੰ ਜ਼ਮੀਨ ਰਹਿਤ ਕੀਤਾ ਜਾਵੇ। ਸ਼ਹਿਰਾਂ ਦੇ ਨੇੜੇ ਪਰ ਸ਼ਹਿਰੀ ਆਬਾਦੀ ਤੋਂ ਕੁਝ ਕਿਲੋਮੀਟਰ ਦੂਰ ਛੋਟੇ ਛੋਟੇ ਖੁੱਡਿਆਂ ਵਰਗੇ ਫਲੈਟ ਬਣਾ ਕੇ ਇਹਨਾਂ ਉਜਾੜੇ ਹੋਏ ਪੇਂਡੂ ਲੋਕਾਂ ਨੂੰ ਇਥੇ ਸ਼ਿਫਟ ਕੀਤਾ ਜਾਵੇ। ਇਹ ਜਗ੍ਹਾ ਸ਼ਹਿਰਾਂ ਦੇ ਨੇੜੇ ਹੁੰਦੇ ਹੋਏ ਵੀ ਕੁਝ ਕਿਲੋਮੀਟਰ ਦੂਰ ਰੱਖਣ ਪਿੱਛੇ ਧਾਰਨਾ ਇਹ ਹੈ ਕਿ ਇਹ ਲੋਕ ਸ਼ਹਿਰ ਵਿਚ ਜਾਣ ਦੇ ਸਮਰੱਥ ਨਾ ਹੋਣ ਤੇ ਉਹਨਾਂ ਦੇ ਫਲੈਟਾਂ ਨੇੜੇ ਸਥਾਪਤ ਕੀਤੇ ਕਾਰਪੋਰੇਟਾਂ ਦੇ ਵਪਾਰਕ ਅਦਾਰਿਆਂ ਵਿਚ ਸਸਤੀ ਮਜ਼ਦੂਰੀ ਕਰਨ ਲਈ ਮਜ਼ਬੂਰ ਹੋਣ! ਇਹ ਜਿਹੜੇ ਤੁਸੀਂ ਸੋਚਦੇ ਹੋਵੋਗੇ ਕਿ ਤੁਸੀਂ ਸਕੂਟਰ, ਮੋਟਰਸਾਈਕਲ, ਕਾਰਾਂ ਵਗ਼ੈਰਾ ਵਰਤ ਕੇ ਸ਼ਹਿਰ ਜਾਂ ਸਕਿਆ ਕਰੋਗੇ, ਇਹ ਬੜੀ ਮੱਕਾਰੀ ਭਰੇ ਢੰਗ ਨਾਲ ਤੁਹਾਡੇ ਤੋਂ ਖੋਹ ਲਏ ਜਾਣਗੇ ਜਾਂ ਫਿਰ ਤੁਹਾਨੂੰ ਇਹਨਾਂ ਨੂੰ ਛੱਡਣ ਲਈ ਮਜ਼ਬੂਰ ਕਰ ਦਿੱਤਾ ਜਾਏਗਾ ਤੇ ਤੁਸੀਂ ਕੁੱਕੜਾਂ ਦੇ ਖੁੱਡੇ ਵਰਗੇ ਫਲੈਟਾਂ ਵਿਚ ਬੜੀ ਹੀ ਗ਼ਰੀਬੜੀ ਜਿਹੀ ਜ਼ਿੰਦਗੀ ਜਿਉਣ ਲਈ ਰਹਿ ਜਾਓਗੇ।


ਤੁਹਾਡੇ ਪਿੰਡਾਂ, ਤੁਹਾਡੀਆਂ ਜ਼ਮੀਨਾਂ ਵਿਚ ਫਲੈਟ, ਵੱਡੇ ਮਾੱਲ ਉਸਾਰੇ ਜਾਣਗੇ। ਹਜ਼ਾਰਾਂ ਏਕੜਾਂ ਦੇ ਖੇਤੀਬਾੜੀ ਵਾਲੇ ਕਲੱਸਟਰ (ਕਲੱਸਟਰ ਮਤਲਬ ਵੱਡੇ ਵੱਡੇ ਟੱਕ)ਬਣਾ ਕੇ ਮਸ਼ੀਨਾਂ ਨਾਲ ਖੇਤੀ ਕੀਤੀ ਜਾਏਗੀ। ਤੁਹਾਨੂੰ ਡੰਗਰ ਪਾਲਣ ਦੀ ਮਨਾਹੀ ਹੋ ਸਕਦੀ ਹੈ, ਜੇਕਰ ਪਾਲੋਂਗੇ ਵੀ ਤਾਂ ਦੁੱਧ-ਘਿਓ ਆਦਿ ਸਿੱਧਾ ਨਹੀਂ ਵੇਚ ਸਕੋਗੇ, ਵਿਦੇਸ਼ਾਂ ਵਾਂਗ ਉਹ ਤੁਹਾਨੂੰ ਕਾਰਪੋਰੇਟਾਂ ਨੂੰ ਹੀ ਵੇਚਣਾ ਪਵੇਗਾ। ਜ਼ਾਹਰ ਹੈ ਤੁਹਾਡੀ ਕੋਈ ਵੀ ਵਸਤੂ ਕੌਡੀਆਂ ਦੇ ਭਾਅ ਖ਼ਰੀਦ ਕੇ ਵੱਡੇ ਵੱਡੇ ਮਾੱਲਾਂ ਵਿਚ ਕਈ ਗੁਣਾ ਉੱਚੀ ਕੀਮਤ ਉੱਤੇ ਵੇਚੀ ਜਾਏਗੀ। ਹੋ ਸਕਦਾ ਹੈ, ਮੇਰੀਆਂ ਇਹ ਗੱਲਾਂ ਤੁਹਾਨੂੰ ਬਕਵਾਸ ਲੱਗਣ ਪਰ ਇਹ ਸਭ ਕੁਝ ਸਿੱਧੇ ਅਸਿੱਧੇ ਰੂਪ ਵਿਚ ਨੇੜ ਭਵਿੱਖ ਵਿਚ ਤੁਹਾਡੇ ਤੇ ਤੁਹਾਡੇ ਬੱਚਿਆਂ ਨਾਲ ਵਾਪਰਨ ਨੂੰ ਤਿਆਰ ਹੈ। ਬਹੁਤ ਲੋਕ ਮੇਰੀ ਗੱਲ ਨੂੰ ਬਕੜਵਾਹ ਕਹਿੰਦੇ ਹੋਏ ਮੈਨੂੰ ਦੱਸਦੇ ਹਨ ਕਿ ਤੂੰ ਕਿਹੜੇ ਭੁਲੇਖੇ ਵਿਚ ਜਿਉਂ ਰਿਹਾ ਹੈਂ? ਇਹ ਪੰਜਾਬ ਹੈ ਤੇ ਪੰਜਾਬੀ ਕਦੇ ਅਜਿਹਾ ਹੋਣ ਨਹੀਂ ਦੇਣਗੇ। ਮੈਂ ਵੀ ਚਾਹੁੰਦਾ ਹਾਂ ਕਿ ਮੇਰੀਆਂ ਇਹ ਗੱਲਾਂ ਕੋਰਾ ਝੂਠ ਨਿੱਕਲਣ। ਪਰ ਪੰਜਾਬੀਓ ! ਕੋਰੋਨਾ ਦਾ ਮਨੁੱਖ ਦੁਆਰਾ ਬਣਾਇਆ ਵਾਇਰਸ ਸਾਨੂੰ ਦੋ ਸਾਲ ਵਾਸਤੇ ਵਾਹਣੀਂ ਪਾ ਗਿਆ ਕਿ ਨਹੀਂ? ਬੇਸ਼ੱਕ ਸਾਡੇ ਕਿਸਾਨਾਂ ਨੇ ਕਿਸਾਨ ਅੰਦੋਲਨ ਸਮੇਂ ਮਾਸਕ ਵਰਗੀਆਂ ਹਦਾਇਤਾਂ ਨਹੀਂ ਵੀ ਮੰਨੀਆਂ ਪਰ ਕੀ ਸਾਡੇ ਸਰਕਾਰੀ ਕਰਮਚਾਰੀਆਂ ਅਤੇ ਵਿਦੇਸ਼ ਦੀ ਧਰਤੀ ਉੱਤੇ ਜਾਣ ਵਾਲਿਆਂ ਲਈ ਕੋਰੋਨਾ ਵੈਕਸੀਨ ਲਾਜ਼ਮੀ ਨਹੀਂ ਹੋਇਆ? ਅਜਿਹੇ ਲੋਕ ਕਿਵੇਂ ਵੀ ਆਪਣੀ ਮਰਜ਼ੀ ਅਨੁਸਾਰ ਇਸ ਵੈਕਸੀਨ ਤੋਂ ਭੱਜ ਨਹੀਂ ਸਕੇ! ਫੇਰ ਤੁਹਾਡੀਆਂ ਮੰਡੀਆਂ ਹੁਣ ਖ਼ਤਮ ਕਰਨ ਵੱਲ ਨਹੀਂ ਵਧਿਆ ਗਿਆ? ਕੀ ਤੁਹਾਨੂੰ ਪ੍ਰਾਈਵੇਟ ਅਦਾਰਿਆਂ ਕੋਲ ਜਿਣਸ ਵੇਚਣ ਲਈ ਮਜ਼ਬੂਰ ਨਹੀਂ ਹੋਣਾ ਪਿਆ? ਅੱਗੇ ਹੋਰ ਦੇਖ ਲਓ - ਤੁਹਾਡੀਆਂ ਫ਼ਸਲਾਂ ਦੇ ਦੇਸੀ ਬੀਜਾਂ ਨੂੰ ਖ਼ਤਮ ਕਰਨ ਦਾ ਕਿੰਨਾ ਖ਼ੁਫ਼ੀਆ ਤਰੀਕਾ ਲਿਆਂਦਾ ? ਕਿੱਥੇ ਤਾਂ ਤੁਸੀਂ ਆਪਣੇ ਖਾਣ ਲਈ ਅਨਾਜ ਰੱਖਣ ਦੇ ਨਾਲ ਅਗਲੀ ਫ਼ਸਲ ਬੀਜਣ ਲਈ ਬੀਜ ਵੀ ਰੱਖ ਲੈਂਦੇ ਸੀ ਤੇ ਹੁਣ ਇਹ ਝਾਂਸਾ ਦੇ ਕੇ ਕਿ ਹਾਈਬ੍ਰਿਡ ਬੀਜ ਬੀਜੋਗੇ ਤਾਂ ਵੱਧ ਝਾੜ ਮਿਲੇਗਾ ਤੇ ਇਹਦੇ ਨਾਲ ਤੁਸੀਂ ਛੇਤੀ ਕਰਜ਼ਾ-ਮੁਕਤ ਹੋ ਜਾਓਗੇ- ਸਾਡੇ ਕਿਸਾਨਾਂ ਨੇ ਬਿਨਾਂ ਸੋਚੇ ਸਮਝੇ ਇਹਨਾਂ ਬੀਜਾਂ ਨੂੰ ਅਪਣਾ ਲਿਆ ਤੇ ਹੁਣ ਹਰ ਸਾਲ ਹਜ਼ਾਰਾਂ ਰੁਪਏ ਖ਼ਰਚ ਕੇ ਨਵੇਂ ਬੀਜ ਲਿਆਉਣੇ ਉਹਨਾਂ ਦੀ ਮਜ਼ਬੂਰੀ ਬਣ ਚੁੱਕੀ ਹੈ।

ਇਹਨਾਂ ਬੀਜਾਂ ਬਾਰੇ ਜ਼ਰਾ ਗਹੁ ਨਾਲ਼ ਸੋਚੋ ਕਿ ਜਿਹਨਾਂ ਵਿਚ ਆਪਣੇ ਆਪ ਨੂੰ ਦੁਬਾਰਾ ਉਗਾਉਣ ਦੀ ਤਾਕਤ ਨਹੀਂ ਉਹ ਸਾਨੂੰ ਤਾਕਤ ਕੀ ਦੇਣਗੇ? ਕਰਜ਼ਾ ਲਾਹ ਕੇ ਸੁਰਖ਼ਰੂ ਹੋਣ ਦੇ ਲਾਲਚ ਵਿਚ ਅਸੀਂ ਆਪਣੀ ਭਾਵੀ ਪੀੜ੍ਹੀ ਨੂੰ ਨਪੁੰਸਕ ਬਣਾ ਰਹੇ ਹਾਂ ਕਿਉਂਕਿ ਅਜਿਹੇ ਬੀਜਾਂ ਤੋਂ ਉੱਗਿਆ ਅਨਾਜ ਖਾ ਕੇ ਸਾਡੇ ਨੌਜਵਾਨਾਂ ਦੇ ਸੰਤਾਨ-ਉਤਪਤੀ‌ ਸੈੱਲ ਖ਼ਤਮ ਹੋ ਰਹੇ ਹਨ। ਮੇਰੇ ਤੋਂ ਇਸ ਬਾਰੇ ਪੁਖ਼ਤਾ ਸਬੂਤ ਮੰਗੇ ਜਾ ਰਹੇ ਹਨ, ਅਜੇ ਮੁੱਢਲੀ ਸਟੇਜ ਹੋਣ ਕਰਕੇ ਮੈਂ ਉਹ ਪੇਸ਼ ਤਾਂ ਨਹੀਂ ਕਰ ਸਕਦਾ ਪਰ ਇਹ ਦਾਅਵਾ ਜ਼ਰੂਰ ਹੈ ਕਿ ਹੋਰ ਦਸਾਂ ਸਾਲਾਂ ਤੱਕ ਤੁਹਾਨੂੰ ਆਪਣੇ ਆਪ ਹੀ ਇਸ ਸੱਚਾਈ ਦਾ ਪਤਾ ਲੱਗ ਜਾਵੇਗਾ ਪਰ ਅਫ਼ਸੋਸ! ਉਦੋਂ ਤੱਕ ਤੀਰ ਕਮਾਨੋਂ ਨਿੱਕਲ ਚੁੱਕਿਆ ਹੋਵੇਗਾ। ਇਸੇ ਢੰਗ ਨਾਲ ਤੁਹਾਡੇ ਤੋਂ ਜੋ ਵੀ ਚਾਹੀਦਾ ਹੋਵੇਗਾ, ਖੰਡ ਵਿਚ ਗਲੇਫ਼ ਕੇ ਅਜਿਹੇ ਮੀਸਣੇ ਤਰੀਕੇ ਨਾਲ ਤੁਹਾਡੇ ਅੱਗੇ ਪਰੋਸਿਆ ਜਾਏਗਾ ਕਿ ਤੁਸੀਂ ਕਦ ਲੁੱਟੇ ਗਏ, ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣੀ! ਜੀਓ ਦਾ ਫ਼ਰੀ ਰੀਚਾਰਜ਼ ਤਾਂ ਯਾਦ ਹੋਣਾ ਤੁਹਾਨੂੰ? ਪਹਿਲਾਂ ਮੁਫ਼ਤ ਦਿੱਤਾ ਤੇ ਜਦੋਂ ਬਹੁ-ਗਿਣਤੀ ਨੇ ਆਪਣੇ ਸਿੰਮ ਜੀਓ ਵਿਚ ਪੋਰਟ ਕਰਵਾ ਲਏ ਤਾਂ ਕੀਮਤਾਂ ਅਸਮਾਨੀ ਚਾੜ੍ਹ ਦਿੱਤੀਆਂ।‌ ਇਹ ਜਿਹੜਾ 5G ਸਪੈਕਟਰਮ ਆਇਆ ਹੈ ਤੇ ਤੁਸੀਂ ਬੜੀ ਚਾਹ ਨਾਲ ਇਹਨੂੰ ਅਪਣਾ ਰਹੇ ਹੋ ਪਤਾ ਹੈ ਇਹਦਾ ਮਤਲਬ ਕੀ ਹੈ? ਇਹਦੇ ਰਾਹੀਂ ਹਰ 5G ਵਰਤਣ ਵਾਲੇ ਉੱਤੇ ਇਹਨਾਂ ਨੂੰ ਨਿਗਰਾਨੀ ਰੱਖਣ ਦੀ ਸੌਖ ਮਿਲੇਗੀ! ਇਸ ਫਾਸ਼ੀਵਾਦੀ ਏਜੰਡੇ ਨੂੰ ਲਾਗੂ ਕਰਨ ਲਈ ਇਹ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਇਹ ਕਹਿਣ ਨੂੰ ਤੁਹਾਡੀ ਸਹੂਲਤ ਲਈ ਹੋਵੇਗਾ ਪਰ ਸਹੀ ਮਾਅਨਿਆਂ ਵਿਚ ਇਹ ਤੁਹਾਡੀ ਬਰਬਾਦੀ ਲੈ ਕੇ ਆਵੇਗਾ। ਸੋ ਗੁੜ ਦੀ ਚਾਸ਼ਨੀ ਵਿਚ ਲਿੱਬੜੀ ਇਸ ਜ਼ਹਿਰ ਤੋਂ ਬਚਣਾ ਹੈ ਤਾਂ ਏਕਤਾ, ਭਾਈਚਾਰਕ ਸਾਂਝ, ਇਹਨਾਂ ਚਾਲਾਕੀ ਭਰੀਆਂ ਸਕੀਮਾਂ ਪ੍ਰਤੀ ਚੌਕੰਨੇ ਹੋਣਾ ਅਤਿ ਜ਼ਰੂਰੀ ਹੈ ਤਾਂ ਕਿ ਪੂੰਜੀਵਾਦ ਦੇ ਪੈਰ ਏਥੇ ਪਸਰਨ ਨਾ ਦਿੱਤੇ ਜਾਣ ਤੇ ਸਾਡਾ ਮੁਢਲਾ ਸਮਾਜਿਕ ਭਾਈਚਾਰਕ ਢਾਂਚਾ ਕਾਇਮ ਰੱਖਿਆ ਜਾ ਸਕੇ।

ਦੋਸ਼ ਸਾਡਾ ਵੀ ਬਰਾਬਰ ਦਾ ਹੈ 

ਪਿਛਲੇ 10- 15 ਸਾਲਾਂ ਵਿੱਚ ਪਿੰਡਾਂ ਵਿੱਚ ਵੱਡੇ ਬਦਲਾਅ ਦੇਖਣ ਨੂੰ ਮਿਲੇ ਹਨ। ਤਰੱਕੀ ਨੇ ਸਾਡਾ ਸੱਭਿਆਚਾਰ ਖੋਇਆ ਹੀ ਨਹੀਂ ਸਗੋਂ ਸਾਡੀ ਸਾਂਝੀ ਵਿਰਾਸਤ ਵੀ ਖੋਹ ਲਈ ਹੈ। ਸਾਉਣ ਦੇ ਮਹੀਨੇ ਹੁਣ ਝੜੀਆਂ ਵੀ ਨਹੀਂ ਲੱਗਦੀਆਂ, ਬੱਦਲ ਆਉਂਦੇ ਨੇ ਤੇ ਆਪਣੀ ਸ਼ਕਲ ਵਿਖਾ ਅੱਗੇ ਤੁਰ ਪੈਂਦੇ ਨੇ। ਅਗਰ ਪੈ ਵੀ ਜਾਣ ਤਾਂ ਅੱਧੇ ਘੰਟੇ ਦਾ ਮੀਂਹ ਹੀ ਕੰਨਾਂ ਨੂੰ ਹੱਥ ਲਵਾ ਦਿੰਦਾ ਹੈ ਕਿਉਂਕਿ ਪਾਣੀ ਦੇ ਵਹਾਅ ਦੇ ਸਾਰੇ ਰਾਹ ਅਸੀਂ ਬੰਦ ਕਰ ਦਿੱਤੇ ਨੇ, ਛੱਪੜ ਅੱਜ ਅਸੀਂ ਆਪ ਪੂਰ ਦਿੱਤੇ ਨੇ, ਛੱਪੜਾਂ ਵਿੱਚ ਜਾਣ ਵਾਲਾ ਪਾਣੀ ਹੁਣ ਰਾਹ ਲੱਭਦਾ ਫਿਰਦਾ। ਸਾਉਣ ਵਿੱਚ ਬਣਨ ਵਾਲੇ ਮਾਲ ਪੂੜੇ ਤੇ ਖੀਰ ਹੁਣ ਘਰਾਂ ਵਿੱਚ ਨਹੀਂ ਬਣਦੇ, ਉਹ ਹੁਣ ਨਾਮੀ ਹਲਵਾਈ ਬਣਾ ਵੇਚਦੇ ਨੇ। ਹੁਣ ਬਿਜੜੇ ਵੀ ਵੇਖਣ ਨੂੰ ਨਹੀਂ ਮਿੱਲਦੇ, ਉਨ੍ਹਾਂ ਦੇ ਆਹਲਣਿਆਂ ਦੀ ਜਗ੍ਹਾ ਨਕਲੀ ਆਲ੍ਹਣੇ ਘਰਾਂ ਵਿੱਚ ਟੰਗ ਲੋਕ ਸ਼ਾਇਦ ਬਚੇ ਖੁਚੇ ਬਿਜੜਿਆਂ ਦਾ ਹੁਨਰ ਵੀ ਖੋਹ ਲੈਣਾ ਚਾਹੁੰਦੇ ਨੇ। ਆਲਾ ਦੁਆਲਾ ਹੀ ਨਹੀਂ ਬਦਲਿਆ ਸਾਡੇ ਅੰਦਰ ਵੀ ਬਦਲ ਗਏ ਨੇ, ਇਹ ਹੁਣ ਉਹ ਨਹੀਂ ਰਹੇ ਜਿਹੜੇ ਹੁੰਦੇ ਸੀ, ਬਸ ਅਸੀਂ ਬਦਲ ਗਏ ਹਾਂ ! ਅਸੀਂ ਘਰ ਵੇਹੜੇ ਗਲੀਆਂ ਸਭ ਪੱਕੇ ਕਰ ਲਏ ਨੇ, ਜੇਹੜਾ ਮੀਂਹ ਦਾ ਪਾਣੀ ਧਰਤੀ ਵਿੱਚ ਜਾਣਾ ਸੀ ਓਹ ਗੰਦੀਆਂ ਨਾਲੀਆਂ ਵਿੱਚ ਦੀ ਹੁੰਦਾ ਕਿਸੇ ਕੰਮ ਦਾ ਨਹੀਂ ਰਹਿੰਦਾ। ਪਿੰਡਾਂ ਵਿੱਚ ਕੋਠੀਆਂ ਦਾ ਰਿਵਾਜ਼ ਚੱਲਣ ਕਰਕੇ ਜਿਹੜੇ ਪਹਿਲਾਂ ਰਾਤ ਨੂੰ ਕੋਠੇ ਤੇ ਪਏ ਸਾਰੇ ਪਿੰਡ ਦੀ ਸੂਹ ਰੱਖਦੇ ਸੀ ਹੁਣ ਆਪਣੇ ਘਰ ਕੀ ਹੋ ਰਿਹਾ ਓਹਦੀ ਸੁਰਤ ਵੀ ਨੀ ਰਹਿੰਦੀ।ਫੈਸ਼ਨ ਨੇ ਪਹਿਰਾਵਾ ਬਦਲ ਤਾ, ਬੋਲੀ ਵਿੱਚ ਅੰਗਰੇਜੀ ਹਿੰਦੀ ਰਲਾ ਦਿੱਤੀ, ਚਾਚੇ, ਤਾਏ, ਫੁੱਫੜ, ਮਾਸੜ ਦੀ ਥਾਂ ਅੰਕਲ ਨੇ ਲੈ ਲਈ। ਵਿਆਹ ਤੋਂ ਬਾਦ ਪਿਓ ਤੇ ਚਾਚੇ, ਤਾਏ ਅੱਡ ਹੋ ਜਾਂਦੇ ਆ। ਕੋਈ ਕੰਧ ਕੱਢ ਲੈਂਦਾ,ਕੋਈ ਖੇਤ ਘਰ ਪਾ ਲੈਂਦਾ। ਗੁਆਂਢੀਆਂ ਨਾਲ਼ ਬਣਨੋ ਹਟਗੀ। ਜਿਹੜੀਆਂ ਸੱਥਾਂ ਬੋਹੜ ਥੱਲੇ ਹੁੰਦੀਆਂ ਸੀ ਓਥੇ ਬੋਹੜ ਵੱਢ ਕੇ ਕਮਰੇ ਬਣਾ ਲੇ ਓਥੇ ਵੀ ਕੋਈ ਕੋਈ ਆਉਂਦਾ। ਆਪਸੀ ਬੋਲਚਾਲ ਮੋਬਾਈਲਾਂ ਨੇ ਖ਼ਤਮ ਕਰਤਾ। ਵਿਆਹ ਗੁਰੂ ਘਰਾਂ ਦੀ ਥਾਂ ਮੈਰਿਜ ਪੈਲੇਸਾਂ ਵਿੱਚ ਹੋਣ ਲੱਗ ਪਏ। ਖਾਣ ਪੀਣ ਤੋਂ ਲੈਕੇ ਕੱਪੜੇ ਲੀੜੇ ਤੱਕ ਅਸੀਂ ਹਰ ਚੀਜ ਲਈ ਬਜ਼ਾਰ ਤੇ ਨਿਰਭਰ ਹੋ ਗਏ।ਹਲੇ ਵੀ ਅਸੀਂ ਜੇ ਪਿੰਡਾ ਨੂੰ ਪਿੰਡ ਸਮਝਦੇ ਆ ਤਾਂ ਅਸੀਂ ਬਹੁਤ ਵੱਡੇ ਭੁਲੇਖੇ ਵਿੱਚ ਆਂ...
 ਸਭ ਤੋਂ ਵੱਡੀ ਉਦਾਹਰਣ ਚੰਡੀਗੜ੍ਹ ਦੀ ਲੈ ਲਓ
ਭਾਰਤ ਦੇ ਖੂਬਸੂਰਤ ਸ਼ਹਿਰਾਂ ਵਿੱਚੋਂ ਇੱਕ ਸਿਟੀ ਬਿਊਟੀਫੁੱਲ ਚੰਡੀਗੜ੍ਹ, ਚੰਡੀਗੜ੍ਹ ਜਿੰਨਾ ਹੀ ਖੂਬਸੂਰਤ ਹੈ ਉਸ ਤੋਂ ਵੀ ਜ਼ਿਆਦ ਦਰਦ ਭਰੀ ਇਸ ਦੇ ਨਿਰਮਾਣ ਦੀ ਕਹਾਣੀ ਹੈ। ਇਸ ਸ਼ਹਿਰ ਨੂੰ ਬਣਾਉਣ ਵੇਲੇ ਕਈ ਪਿੰਡਾਂ ਦਾ ਉਜਾੜਾ ਹੋਇਆ ਅਤੇ ਹਜ਼ਾਰਾਂ ਲੋਕਾਂ ਨੇ ਆਪਣੀ ਜ਼ਮੀਨ ਵੀ ਗਵਾਈ ਅਤੇ ਹੋਂਦ ਵੀ।


ਚੰਡੀਗੜ੍ਹ ਦੀ ਖੂਬਸੂਰਤੀ ਬਾਰੇ ਸਾਰੇ ਜਾਣਦੇ ਹਨ ਪਰ ਉਹਨਾਂ ਲੋਕਾਂ ਦੀ ਦਾਸਤਾਨ ਬਹੁਤ ਘੱਟ ਲੋਕ ਜਾਣਦੇ ਹਨ ਜਿਹਨਾਂ ਦੇ ਪਿੰਡਾਂ ਦੀ ਹਿੱਕ ਪਾੜ ਕੇ ਚੰਡੀਗੜ੍ਹ ਵਸਾਇਆ ਗਿਆ। 50 ਪਿੰਡਾਂ ਦੀ ਜ਼ਮੀਨ ਐਕਵਾਇਰ ਚੰਡੀਗੜ੍ਹ ਬਣਾਇਆ ਗਿਆ ਅਤੇ ਅੱਜ ਉਹਨਾਂ ਪਿੰਡਾਂ ਦੇ ਬਸ਼ਿੰਦੇ ਅੱਜ ਆਪਣੀ ਪਛਾਣ ਅਤੇ ਆਪਣੀ ਹੋਂਦ ਲੱਭ ਰਹੇ ਹਨ। ਕਰੋੜਾਂ ਦਾ ਮੁਆਵਜ਼ਾ ਲੈ ਕੇ ਇਹ ਪਿੰਡ ਵਾਸੀ ਉਜਾੜੇ ਦਾ ਰਾਹ ਤਾਂ ਪਏ ਪਰ ਮੁੜ ਅੱਜ ਤੱਕ ਆਪਣੇ ਪੈਰਾਂ ਸਿਰ ਨਹੀਂ ਹੋ ਸਕੇ। 
ਸੋ ਇਹ ਸਾਡੇ ਹੱਥ ਹੈ ਕਿ ਪੁਰਾਣਾ ਪਿੰਡਾਂ ਦਾ ਰਹਿਣ ਸਹਿਣ,ਰੀਤੀ ਰਿਵਾਜ਼ਾਂ ਨੂ ਮੁੜ ਸੁਰਜੀਤ ਕਰੀਏ , ਲਹਿੰਦੇ ਪੰਜਾਬ ਵਿੱਚ ਇਸ ਤਰੱਕੀ ਨੇ ਆਪਣੇ ਪੈਰ ਓਹਨੇ ਨਹੀਂ ਪਸਾਰੇ ਜਿੰਨੇ ਚੜਦੇ ਪੰਜਾਬ ਵਿੱਚ ਅਸਰ ਪਾਇਆ ਹੈ। ਇਸੇ ਕਰਕੇ ਓਥੇ ਤੁਹਾਨੂੰ ਪੁਰਾਣੇ ਪੰਜਾਬ ਦੀ ਝਲਕ ਜਰੂਰ ਨਜ਼ਰ ਪਏਗੀ ਫ਼ੇਰ ਤੁਹਾਨੂੰ ਪਤਾ ਲਗੇਗਾ ਕਿ ਅਸੀਂ ਕੀ ਖੱਟਿਆ ਤੇ ਕੀ ਗਵਾਇਆ....

0 Comments


ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥੩॥

ਸਿੱਖ ਕਤਲੇਆਮ 1984