ਕੀ ਪੰਜਾਬ ਵਿੱਚ ਪਾਣੀ ਸੰਕਟ ਲਈ ਸਿਰਫ਼ ਸਰਕਾਰ ਨੂੰ ਦੋਸ਼ ਦੇਣਾ ਸਹੀ ਹੈ ?
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥
ਗੂਰੂ ਨਾਨਕ ਦੇਵ ਜੀ ਨੇ ਇਹ ਤੁਕ ਰਾਹੀਂ ਸਾਨੂੰ ਹਵਾ ਪਾਣੀ ਤੇ ਧਰਤੀ ਦਾ ਮਹੱਤਵ ਦੱਸਿਆ ਪਰ ਓਹਨਾਂ ਨੂੰ ਕੀ ਪਤਾ ਸੀ ਕਿ 500 ਸਾਲਾਂ ਬਾਅਦ ਓਹਨਾਂ ਦੇ ਹੀ ਸਿੱਖ ਇਹਨਾਂ ਤਿੰਨਾਂ ਚੀਜ਼ਾਂ ਦੇ ਵੈਰੀ ਬਣ ਜਾਣਗੇ ।
ਪਹਿਲਾਂ ਅਸੀਂ ਪਸ਼ੂ ਨਵਾਉਣ ਲਈ ਪਿੰਡ ਦੀ ਛੱਪੜ ਵਿੱਚ ਲੈਕੇ ਜਾਂਦੇ ਸਾਂ। ਇਸਦੇ ਨਾਲ ਇੱਕ ਤਾਂ ਮੱਝਾਂ ਦਾ ਤੋਰਾ ਫੇਰਾ ਹੋ ਜਾਂਦਾ ਸੀ ਤੇ ਦੂਜਾ ਆਰਾਮ ਨਾਲ ਪਾਣੀ ਵਿੱਚ ਬੈਠੀਆਂ ਰਹਿੰਦੀਆਂ ਸਨ। ਹੁਣ ਘਰਾਂ ਵਿੱਚ ਮੋਟਰਾਂ ਹੋਣ ਕਰਕੇ ਅਸੀਂ ਆਪਣੇ ਆਪ ਨੂੰ ਇਹਨੇ ਆਲਸੀ ਬਣਾ ਲਿਆ ਹੈ ਕਿ ਅਸੀਂ ਮੱਝਾਂ ਦਾ ਪੈਰ ਬਾਹਰ ਨੀ ਪਵਾਉਂਦੇ। ਅਸੀਂ ਮਣੋ ਮਣੀ ਪਾਣੀ ਇੱਕ ਇੱਕ ਪਸ਼ੂ ਨੂੰ ਨਹਾਉਣ ਪਿੱਛੇ ਹਰ ਰੋਜ਼ ਬਰਬਾਦ ਕਰ ਦਿੰਦੇ ਹਾਂ।
ਦੂਜਾ ਨਿਊ ਵਰਲਡ ਆਰਡਰ ਤਹਿਤ ਅਸੀਂ ਵੱਡੀਆਂ ਵੱਡੀਆਂ ਕੋਠੀਆਂ ਪਾ ਲਈਆਂ ਹਨ ਅਤੇ ਸਾਰੇ ਵਿਹੜੇ ਪੱਕੇ ਕਰ ਲਏ ਹਨ ਤਾਂਕਿ ਸਾਨੂੰ ਵਿਹੜਾ ਸਾਫ ਕਰਨ ਵਿੱਚ ਸੌਖ ਹੋਵੇ ਸਾਡਾ ਵਿਹੜਾ ਸਾਫ਼ ਲੱਗੇ। ਜਿਹਨਾਂ ਨੇ ਕੋਠੀ ਨਾਂ ਵੀ ਪਾਈ ਹੋਵੇ ਪਰ ਵਿਹੜਾ ਸਭ ਦਾ ਪੱਕਾ ਹੀ ਹੁੰਦਾ।ਅੱਜਕਲ੍ਹ ਵਿਰਲੇ ਹੀ ਘਰ ਮਿਲ਼ਦੇ ਹਨ ਜਿਹਨਾਂ ਦਾ ਵਿਹੜਾ ਕੱਚਾ ਹੋਵੇ। ਫੇਰ ਇਸਨੂੰ ਸਾਫ ਰੱਖਣ ਦੇ ਚੱਕਰ ਵਿੱਚ ਇਹਨਾਂ ਪਾਣੀ ਡੋਲਦੇ ਆਂ ਕਿ ਅੱਧਾ ਪਿੰਡ ਨਹਾ ਲਵੇ। ਉੱਤੋ ਪਸ਼ੂਆਂ ਵਾਲੇ ਬਰਾਂਡੇ ਵੀ ਪੱਕੇ ਕਰ ਲਏ ਗੋਹਾ ਕੂੜਾ ਚੱਕਣ ਦੀ ਥਾਂ ਪਾਣੀ ਦੇ ਪ੍ਰੈੱਸ਼ਰ ਨਾਲ ਹੀ ਰੋੜ ਦਿੱਤਾ ਜਾਂਦਾ ਹੈ।
ਤੀਜਾ ਗੱਡੀਆਂ ਮੋਟਸਾਈਕਲ ਹਰ ਘਰ ਵਿੱਚ ਆਮ ਹੋ ਚੁੱਕੇ ਹਨ। ਹਫ਼ਤੇ ਬਾਅਦ ਅਸੀਂ ਕਦੇ ਗੱਡੀ ਕਦੇ ਮੋਟਰਸਾਈਕਲ ਧੋਣ ਵਿੱਚ ਕਿੰਨਾ ਪਾਣੀ ਫੂਕਦੇ ਆ। ਜੇਕਰ ਅਸੀਂ ਬਾਲਟੀ ਵੀ ਵਰਤੀਏ ਤਾਂ ਵੀ ਪਾਣੀ ਦੀ ਬਰਬਾਦੀ ਬਹੁਤ ਹੱਦ ਤੱਕ ਘਟ ਸਕਦੀ ਹੈ ਪਰ ਅਸੀਂ ਕੀ ਲੈਣਾ ਖੁੱਲਾ ਡੁੱਲ੍ਹਾ ਪਾਣੀ ਹੈ ਸਾਡੀ ਮਰਜ਼ੀ ।
ਪੱਛਮੀ ਸੱਭਿਆਚਾਰ ਦੀ ਰੀਸ ਕਰਨ ਵਿੱਚ ਤਾਂ ਪਂਜਾਬੀ ਸਭ ਤੋਂ ਮੂਹਰੇ ਨੇ ਚਾਹੇ ਗੱਲ਼ ਪਹਿਰਾਵੇ ਦੀ ਹੋਵੇ, ਚਾਹੇ ਬੋਲੀ ਦੀ ਜਾ ਓਹਨਾਂ ਦੇ ਰਹਿਣ ਸਹਿਣ ਦੀ। ਅਸੀਂ ਆਪਣਾ ਅਮੀਰ ਸੱਭਿਆਚਾਰ ਮਿਟਾ ਕੇ ਆਪਣਾ ਹੱਸਦਾ ਵੱਸਦਾ ਪੰਜਾਬ ਮਿੱਟੀ ਵਿੱਚ ਮਿਲਾ ਦਿੱਤਾ ਹੈ। ਬਾਹਰਲੇ ਮੁਲਕਾਂ ਦੀ ਰੀਸ ਕਰਕੇ ਜੋ ਅਸੀਂ ਟਾਇਲਟ ਸ਼ੀਟ ਆਪਣੇ ਘਰਾਂ ਵਿੱਚ ਲਗਵਾਈਆਂ ਨੇ ਇਹਨਾਂ ਦਾ ਪਾਣੀ ਦੀ ਬਰਬਾਦੀ ਵਿੱਚ ਪੂਰਾ ਯੋਗਦਾਨ ਹੈ। ਅਸੀਂ ਜਦੋਂ ਵੀ ਪਿਸ਼ਾਬ ਕਰਨ ਜਾ ਜੰਗਲ ਪਾਣੀ ਜਾਂਦੇ ਹਾਂ ਤਾਂ ਹਰ ਵਾਰੀ ਪਾਣੀ ਛੱਡਣਾ ਪੈਂਦਾ ਹੈ ਨਹੀਂ ਤਾਂ ਬਦਬੂ ਨਹੀਂ ਜਾਂਦੀ। ਇਕ ਰਿਪੋਰਟ ਅਨੁਸਾਰ ਹਰ ਘਰ ਦੀ ਟਾਇਲਟ ਔਸਤਨ 80 ਲੀਟਰ ਪਾਣੀ ਪ੍ਰਤੀ ਦਿਨ ਬਰਬਾਦ ਕਰਦੀ ਹੈ। ਇਸਦੇ ਮੁਲਾਂਕਣ ਵਿੱਚ ਤੁਸੀ ਪੁਰਾਣੇ ਵੇਲ਼ੇ ਦੇ ਪਖਾਨਿਆਂ ਨਾਲ ਤੁਲਨਾ ਕਰ ਸਕਦੇ ਹੋ।
ਸੋ ਅਸੀਂ ਸਮਝ ਜਾਈਏ ਤਾਂ ਹੀ ਭਲਾ ਹੈ। ਜੇਕਰ ਅਸੀਂ ਆਪਣਾ ਰਹਿਣ ਸਹਿਣ ਪਹਿਲਾਂ ਵਾਂਗੂੰ ਸਾਦਾ ਬਣਾ ਲਈਏ ਤਾਂ ਇਹ ਸਾਡੇ ਤੇ ਕੁਦਰਤ ਦੋਵਾਂ ਲਈ ਚੰਗ਼ਾ ਹੈ।
0 Comments