ਕੋਈ ਵੀ ਬਗੀਚਾ ਉਨਾ ਚਿਰ ਸੰਦਰ ਲੱਗਦਾ ਹੈ ਜਿੰਨਾ ਚਿਰ ਉਸ ਵਿੱਚ ਤਰੰਗੇ ਫੁੱਲ ਹੋਣ ਜਦੋਂ ਬਗੀਚੇ ਨੂੰ ਇੱਕੋ ਤਰ੍ਹਾਂ ਦੇ ਫੁੱਲਾਂ ਵਿੱਚ ਪਰੋ ਦਿੱਤਾ ਜਾਵੇ ਤਾਂ ਥੋੜੇ ਸਮੇਂ ਬਾਅਦ ਬਗੀਚਾ ਭੈੜਾ ਲੱਗਣ ਲੱਗ ਜਾਂਦਾ ਹੈ। ਪਰਮਾਤਮਾ ਨੇ ਦੁਨੀਆ ਵਿੱਚ ਹਰ ਇੱਕ ਚੀਜ਼ ਇੱਕ ਦੂਜੇ ਨਾਲੋਂ ਵੱਖਰੇ ਬਣਾਈ ਹੈ ਤਾਂ ਜੋ ਸੰਸਾਰ ਦੀ ਵਿਲੱਖਣਤਾ ਕਾਇਮ ਰਹਿ ਸਕੇ। ਹਰ ਇੱਕ ਜੀਵ ਆਕਾਰ, ਪਹਿਰਾਵੇ, ਬੋਲੀ, ਨੈਣ ਨਕਸ਼, ਰੰਗ ਰੂਪ ਆਦਿ ਕਰਕੇ ਇੱਕ ਦੂਜੇ ਤੋਂ ਵੱਖਰਾ ਹੈ। ਮੌਸਮ ਹਰ ਥਾਂ ਅਲੱਗ ਅਲੱਗ ਹੈ ਹਰ ਇੱਕ ਖਿੱਤੇ ਦੀ ਨਿਆਰੀ ਭਾਸ਼ਾ ਹੈ, ਨਿਆਰਾ ਰਹਿਣ ਸਹਿਣ ਹੈ।
ਗੁਰੂ ਗੋਬਿੰਦ ਸਿੰਘ ਜੀ ਦਾ 1699 ਈਸਵੀ ਵਿੱਚ ਖਾਲਸੇ ਨੂੰ ਸਾਜਨ ਪਿੱਛੇ ਇਹੀ ਮੰਤਵ ਸੀ ਕਿ ਇੱਕ ਐਸੀ ਕੌਮ ਸਾਜਾਂਗਾ ਜੋ ਸਭ ਤੋਂ ਵੱਖਰੀ ਹੋਵੇਗੀ ਗੁਰੂ ਦਾ ਸਿੰਘ ਲੱਖਾਂ ਵਿੱਚੋਂ ਪਹਿਚਾਣਿਆ ਜਾਵੇਗਾ। ਇਸ ਲਈ ਉਹਨਾਂ ਨੇ ਸਾਨੂੰ ਪੰਜ ਕਕਾਰ, ਨੀਲਾ ਬਾਣਾ ਅਤੇ ਸੰਸਾਰ ਦੇ ਦੂਜੇ ਧਰਮਾਂ ਨਾਲੋਂ ਵੱਖਰੀ ਸੋਚ ਦਿੱਤੀ ਅਤੇ ਇਸ ਨਿਆਰੇਪਣ ਨੂੰ ਕਾਇਮ ਰੱਖਣ ਵਾਸਤੇ ਹਦਾਇਤ ਵੀ ਦਿੱਤੀ:

ਜਬ ਲਗ ਖ਼ਾਲਸਾ ਰਹੇ ਨਿਆਰਾ॥
ਤਬ ਲਗ ਤੇਜ ਕੀਉ ਮੈਂ ਸਾਰਾ॥
ਜਬ ਇਹ ਗਹੈ ਬਿਪਰਨ ਕੀ ਰੀਤ॥
ਮੈਂ ਨ ਕਰੋਂ ਇਨ ਕੀ ਪ੍ਰਤੀਤ॥
ਅੱਜ ਨਿਊ ਵਰਲਡ ਆਰਡਰ ਤਹਿਤ ਸੰਸਾਰ ਨੂੰ ਇੱਕੋ ਬੋਲੀ, ਇੱਕ ਪਹਿਰਾਵੇ, ਇੱਕ ਤਰ੍ਹਾਂ ਦੇ ਸੱਭਿਆਚਾਰ ਵਿੱਚ ਪਰੋਣ ਦਾ ਯਤਨ ਕੀਤਾ ਜਾ ਰਿਹਾ ਹੈ। ਉਹ ਚਾਹੁੰਦੇ ਹਨ ਕਿ ਸੰਸਾਰ ਦੇ ਇੱਕੋ ਬੋਲੀ ਅੰਗਰੇਜ਼ੀ ਹੋਵੇ ਇਸੇ ਲਈ ਅੱਜ ਇਸ ਨੂੰ ਗਲੋਬਲ ਲੈਂਗੁਏਜ ਦੇ ਤੌਰ ਤੇ ਪ੍ਰਚਾਰਿਆ ਜਾ ਰਿਹਾ ਹੈ। ਅਸੀਂ ਅੱਜ ਜੋ ਆਪਣੀ ਬੋਲ਼ੀ ਬੋਲਣ ਵਿੱਚ ਹੀਣਤਾ ਸਮਝਣ ਲੱਗ ਪਏ ਹਾਂ। ਇਹ ਵੀ ਏਸੇ ਦਾ ਹਿੱਸਾ ਹੈ। ਇੱਕ ਸਮਾਂ ਅਜਿਹਾ ਸੀ ਜਦੋਂ ਇੱਕ ਪਿੰਡ ਦੀ ਬੋਲ਼ੀ ਵਿੱਚ ਨਾਲ ਲਗਦੇ ਪਿੰਡ ਦੀ ਬੋਲ਼ੀ ਨਾਲੋਂ ਨਿਆਰਾਪਣ ਝਲਕਦਾ ਸੀ। ਪਹਿਲਾ ਬੰਦੇ ਦੀ ਬੋਲੀ ਤੋਂ ਉਹਦੇ ਇਲਾਕੇ ਦਾ ਅੰਦਾਜਾ ਲਗਾ ਲਿਆ ਜਾਂਦਾ ਸੀ ਪਰ ਅੱਜ ਸਾਡੀਆਂ ਉਪ ਬੋਲੀਆਂ ਜਿਵੇਂ ਮਾਝੀ, ਮਲਵਈ, ਪੁਆਧੀ, ਦੁਆਬੀ ਆਦਿ ਸਭ ਬਹੁਤ ਹੱਦ ਤੱਕ ਖਤਮ ਹੋ ਚੁੱਕੀਆਂ ਹਨ।
ਭਾਰਤ ਸਿੱਖਾਂ ਅਤੇ ਹੋਰ ਕੌਮਾਂ ਦੀ ਵੱਖਰੀ ਪਛਾਣ ਨੂੰ ਨਜ਼ਰ ਅੰਦਾਜ਼ ਕਰਕੇ ਉਹਨਾਂ ਨੂੰ ਹਿੰਦੂ ਬਣਾਉਣ ਵਿੱਚ ਲੱਗਾ ਹੋਇਆ ਹੈ। ਸਾਨੂੰ ਹਿੰਦੂਆਂ ਵਿੱਚ ਮਿਲਾਉਣ ਲਈ ਬਹੁਤ ਵੱਡੇ ਲੈਵਲ ਤੇ ਚਾਲਾਂ ਚੱਲੀਆਂ ਜਾ ਰਹੀਆਂ ਹਨ। ਇਹ ਸਭ ਵਿਲੱਖਣਤਾ ਨੂੰ ਖਤਮ ਕਰਨ ਦੇ ਹੀ ਯਤਨ ਹਨ। ਤੁਸੀਂ ਹੇਠਾਂ ਦਿੱਤੇ ਨਕਸ਼ੇ ਵਿੱਚ ਦੇਖ਼ ਸਕਦੇ ਹੋ ਕਿ ਪੂਰੇ ਭਾਰਤ ਵਿੱਚ ਕਿਸ ਤਰ੍ਹਾਂ ਹਿੰਦੂਆਂ ਦੀ ਗਿਣਤੀ ਵਧ ਰਹੀ ਹੈ...

ਹਰ ਕੌਮ ਨੂੰ ਆਪਣੇ ਨਿਆਰੇਪਣ ਨੂੰ ਕਾਇਮ ਰੱਖਣ ਲਈ ਕੁਝ ਅਹਿਮ ਫੈਸਲੇ ਲੈਣੇ ਪੈਂਦੇ ਹਨ ।ਵਰਤਾਰਿਆਂ ਨੂੰ ਸਮਝਣ ਦਾ, ਹਰ ਇੱਕ ਦਾ ਆਪਣਾ ਜਾਤੀ ਨਜਰੀਆ ਹੁੰਦੈ... ਪਰ ਕੁਝ ਵਰਤਾਰੇ ਕੌਮਾਂ ਦੀ ਅਜਾਦ ਹੋਂਦ - ਹਸਤੀ ਦੀ ਲੜਾਈ ਅਤੇ ਨਿਆਰਾਪਣ ਕਾਇਮ ਰੱਖਣ ਦੀ ਜੱਦੋਜਹਿਦ ਵਿੱਚੋਂ ਵੀ ਉਪਜਦੇ ਹਨ। ਇਸ ਲਈ ਇਨ੍ਹਾਂ ਵਰਤਾਰਿਆਂ ਨੂੰ ਕੋਈ ਵਿਅਕਤੀ ਵਿਸ਼ੇਸ਼ ਜਾਂ ਗੁੱਟ ਵਿਸ਼ੇਸ਼ ਗੈਰ ਵਾਜਬ ਕਰਾਰ ਨਹੀਂ ਦੇ ਸਕਦਾ...
ਸਾਡੇ ਇਤਿਹਾਸ 'ਚ ਕਈ ਅਜਿਹੀਆਂ ਘਟਨਾਵਾਂ ਅਤੇ ਵਰਤਾਰਿਆਂ ਦਾ ਜਿਕਰ ਮਿਲ਼ਦਾ ਹੈ, ਜਿੱਥੇ ਆਪਣਾ ਅੱਡਰਾਪਣ ਸੁਰੱਖਿਅਤ ਰੱਖਣ ਲਈ ਸਿਰ ਤੱਕ ਦਿੱਤੇ ਗਏ ਹਨ ਤੇ ਸਿਰ ਤੱਕ ਵੱਢੇ ਵੀ ਗਏ ਹਨ:
' ਝਟਕਾ ਪ੍ਰਥਾ' ਨੂੰ ਕੋਈ ਕਿਵੇ ਗੈਰ ਲੋੜੀਂਦਾ ਜਾਂ ਗੈਰ ਵਾਜਬ ਕਹਿ ਸਕਦਾ ਹੈ।ਬਥੇਰੇ ਸਿੱਖ ਨੇ ਜੇਹੜੇ ਮੀਟ ਨਹੀਂ ਖਾਂਦੇ, ਪਰ ਫੇਰ ਵੀ ਝਟਕਾ ਪ੍ਰਥਾ ਨੂੰ ਗੈਰ - ਵਾਜਬ ਕਰਾਰ ਨਹੀਂ ਦੇ ਸਕਦੇ ਕਿਓਂਕਿ ਉਹ ਵੀ ਸਾਡੇ ਵੱਖਰੇਪਣ ਨੂੰ ਕਾਇਮ ਰੱਖਣ ਆਲ਼ਾ ਵਰਤਾਰਾ ਸੀ। ਨਹੀਂ ਤਾਂ ਅਸੀਂ ਹਲਾਲ ਕਰ ਕੇ ਖਾਣ ਆਲ਼ੇ ਮੁਸਲਮਾਨਾਂ ਚ ਗਿਣੇ ਜਾਂਦੇ ਜਾਂ ਫੇਰ ਮਾਸ-ਮੱਛੀ ਨੂੰ ਹੱਥ ਨਾ ਲਾਉਣ ਆਲ਼ੇ ਸਨਾਤਨੀਆਂ ਚ ਗਿਣ ਲਏ ਜਾਂਦੇ।
ਅਸਿਮੀਲੇਟ ਹੋਣ ਤੋਂ ਬਚਣ ਲਈ ਆਪਣਾ ਨਿਆਰਾਪਣ / ਵਿਲੱਖਣਤਾ ਨੂੰ ਹਰ ਹਾਲਤ ਚ ਕਾਇਮ ਰੱਖਣਾ ਹੋਵੇਗਾ। ਸਾਡਾ ਜਰਾ ਜਿੰਨਾ ਵੀ ਅਵੇਸਲਾਪਨ ਸਾਡੀ ਨਿਜੀ ਹੋਂਦ-ਹਸਤੀ ਨੂੰ ਖ਼ਤਮ ਕਰ ਸਕਦਾ ਹੈ।
ਅਵੇਸਲੇਪਣ ਦੀ ਇੱਕ ਉਦਾਹਰਣ ਦੇਵਾਂ ਤਾਂ ਅੱਜ-ਕੱਲ੍ਹ ਅੰਮ੍ਰਿਤ ਛਕ ਕੇ ਚੰਗੇ ਭਲੇ ਲੋਕ, ਬਰੀਕ ਬਰੀਕ ਜਹੀਆਂ ਡੋਰੀਆਂ ਨਾਲ਼ ਖਿਡੌਣਾ ਕ੍ਰਿਪਾਨਾਂ, ਖੰਡਾ, ਕੰਙਾ ਆਦਿ ਬੰਨ ਕੇ ਗਾਤਰੇ ਵਾਂਗੂੰ ਧਾਰਨ ਕਰੀ ਫਿਰਦੇ ਹਨ, ਦੱਸੋ ਉਹ ਬਿਪਰ ਦੇ ਜਨੇਊ ਤੋਂ ਕਿਵੇਂ ਭਿੰਨ ਹੈ..??
ਕੀ ਉਹ ਉਹ ਅੱਧੀ ਅੱਧੀ ਇੰਚੀ ਦੇ ਖਿਡੌਣਿਆਂ ਨਾਲ਼ ਆਪਣੀ ਰੱਖਿਆ ਕਰ ਲੈਣਗੇ ਤੇ ਕੀ ਕਿਸੇ ਨਿਤਾਣੇ ਦੀ ਰੱਖਿਆ ਕਰ ਲੈਣਗੇ ਤੇ ਕੀ ਉਹ ਕਿਸੇ ਜਰਵਾਣੇ ਦੀ ਭੱਖਿਆ ਚ ਕਾਮਯਾਬ ਹੋ ਜਾਣਗੇ ..!!! ਕੀ ਕੋਈ ਉਨ੍ਹਾਂ ਵਿਲੱਖਣ ਹੋਂਦ - ਹਸਤੀ ਨੂੰ ਜੱਜ ਕਰ ਲਊ...!!!
ਬੀਤੇ ਦੋ- ਤਿੰਨ ਸਾਲਾਂ ਤੋਂ ਮੁੜ ਸਿੱਖਾਂ ਵਿੱਚ ਵੱਡੇ ਵੱਡੇ ਸ਼ਸ਼ਤਰ ਸਜਾ ਕੇ ਵਿਚਰਣ ਦੇ ਰੁਝਾਨ ਅਤੇ ਆਹ ਕੱਲ੍ਹ ਨਿਸ਼ਾਨ ਸਾਹਿਬਾਨਾਂ ਦੇ ਚੋਲ਼ਿਆਂ ਅਤੇ ਝੰਡਿਆਂ ਦਾ ਰੰਗ ਬਦਲਣ ਦੀ ਕਵਾਇਦ ਤੋਂ ਘਬਰਾਏ ਸੰਘੀਆਂ ਦੀਆਂ ਵੱਜੀਆਂ ਚੀਕਾਂ ਵੀ ਪ੍ਰਮਾਣ ਹਨ ਕਿ ਆਪਣੀ ਵਿਲੱਖਣਤਾ ਨੂੰ ਸੁਰੱਖਿਅਤ ਰੱਖਣ ਲਈ ਇਹੋ ਜਹੇ ਵਰਤਾਰੇ, ਸਿੱਖਾਂ ਲਈ ਕਿੰਨੇ ਜਰੂਰੀ ਅਤੇ ਪ੍ਰਸੰਗਕ ਹਨ।
0 Comments