ਜਿਵੇਂ ਕਿ ਕਿਹਾ ਜਾਂਦਾ ਹੈ ਕਿ
ਮਹਾਰਾਜਾ ਰਣਜੀਤ ਸਿੰਘ ਜੀ(13 ਨਵੰਬਰ1780-29 ਜੂਨ1839),ਜੋ ਕਿ ਭਾਰਤ ਦੇ ਸਭ ਤੋਂ ਸ਼ਕਤੀਸ਼ਾਲੀ ਰਾਜਿਆਂ ਵਿੱਚੋਂ ਮੰਨੇ ਜਾਂਦੇ ਸਨ ਜਿਨ੍ਹਾਂ ਨੇ ਸਿੱਖ ਰਿਆਸਤਾਂ ਨੂੰ ਮਿਲਾ ਕੇ ਇਕ ਵਿਸ਼ਾਲ ਖ਼ਾਲਸਾ ਰਾਜ ਦੀ ਸਥਾਪਨਾ ਕੀਤੀ ਸੀ ਅਤੇ ਪੰਜਾਬ ਤੇ ਤਕਰੀਬਨ 30 ਸਾਲ ਰਾਜ ਕੀਤਾ ਦੇ ਰਾਜ ਸਮੇਂ ਹਰ ਪ੍ਰਕਾਰ ਦੇ ਸਾਹਿਤ,ਕਲਾ, ਨੇ ਬੜੀ ਉਨਤੀ ਕੀਤੀ, ਵਿਦਿਆ ਦੇ ਖੇਤਰ ਵਿੱਚ ਵੀ ਉਸ ਸਮੇਂ ਪੰਜਾਬ ਦੁਨੀਆਂ ਦੇ ਬਾਕੀ ਖਿੱਤਿਆਂ ਨਾਲੋਂ ਕਿਤੇ ਅੱਗੇ ਸੀ।
ਅਜੋਕੇ ਸੰਦਰਭ ਵਿਚ ਸਾਨੂੰ ਆਪਣੀਆਂ ਅਗਲੀਆਂ ਪੁਸ਼ਤਾਂ ਨੂੰ ਪੰਜਾਬੀ ਬੋਲੀ ਸਿਖਾਉਣ ਵਾਸਤੇ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਚਲਾਏ ਕਾਇਦਾ ਏ ਨੂਰ ਦੀ ਮਹੱਤਤਾ ਬਾਰੇ ਸਮਝਣ ਦੀ ਲੋੜ ਹੈ। ਮਹਾਰਾਜਾ ਰਣਜੀਤ ਸਿੰਘ ਦੀ ਪੰਜਾਬ ਦੇ ਵਿਦਿਅਕ ਢਾਂਚੇ ਨੂੰ ਦਰੁਸਤ ਕਰਨ ਵਿਚ ਅਤੇ ਪੰਜਾਬੀਆਂ ਨੂੰ ਵਿੱਦਿਅਕ ਬਨਾਉਣ ਦੇ ਖੇਤਰ ਵਿਚ ਮਹਾਨ ਦੇਣ ਹੈ।G.W.Lietner ਵੱਲੋਂ ਲਿਖੀ ਕਿਤਾਬ, History of indigenous education in Punjab, since annexation and in 1882. ਦੇ ਹਵਾਲੇ ,ਅਤੇ ਹੋਰ ਉਦੋਂ ਦੇ( ਸਮਕਾਲੀ )ਫਾਰਸੀ ਦੇ ਲੇਖਕਾਂ ਦੇ ਅਨੁਸਾਰ
ਅਠਾਰਵੀਂ ਅਤੇ ਉੱਨੀਵੀਂ ਸਦੀ ਦੇ ਹਾਲਾਤਾਂ ਦੌਰਾਨ ਸਮੇਂ ਦੇ ਸਿੱਖ ਹਾਕਮਾਂ ਨੂੰ ਵਿਦਿਆ, ਸਾਹਿਤ ਅਤੇ ਕਲਾ ਵੱਲ ਧਿਆਨ ਦੇਣ ਲਈ ਕਾਫੀ ਸਮਾਂ ਨਾ ਮਿਲ ਸਕਿਆ ਕਿਉਂਕਿ ਉਹਨਾਂ ਦੇ ਸਾਹਮਣੇ ਆਪਣੇ ਰਾਜ ਨੂੰ ਸੰਗਠਿਤ ਕਰਨ ਅਤੇ ਸਿੱਖ ਕੌਮ ਦੇ ਜਿਊਂਦੇ ਰਹਿਣ ਲਈ ਉਹਨਾਂ ਨੂੰ ਹਥਿਆਰਬੰਦ ਕਰਨਾ ਬਹੁਤ ਜ਼ਰੂਰੀ ਸੀ । ਜੰਗੀ ਹਥਿਆਰਾਂ ਦੀ ਵਰਤੋਂ,ਨਿਡਰਤਾ ਅਤੇ ਬਹਾਦਰੀ ਪੱਖੋਂ ਸਿੱਖਾਂ ਦਾ ਕੋਈ ਸਾਨੀ ਨਹੀਂ ਸੀ ਪਰ ਉਹਨਾਂ ਦਾ ਗਿਆਨ ਗੁਰਬਾਣੀ ਪੜਨ ਅਤੇ ਸੁਣਾਉਣ ਤਕ ਹੀ ਸੀਮਤ ਸੀ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਪੰਜਾਬ ਦੇ ਲੋਕਾਂ ਦੀ ਬੋਲੀ ਪੰਜਾਬੀ ਸੀ ਅਤੇ ਇਕ ਤੋਂ ਦੂਸਰੇ ਇਲਾਕੇ ਵਿੱਚ ਕੁਝ ਸਥਾਨਕ ਸ਼ਬਦਾਂ ਦਾ ਫਰਕ ਸੀ । ਲਾਹੌਰ ਦਰਬਾਰ ਦੀ ਭਾਸ਼ਾ ਫ਼ਾਰਸੀ ਹੋਣ ਕਰਕੇ ਪੰਜਾਬ ਦੇ ਬਹੁਤੇ ਇਲਾਕਿਆਂ ਦੇ ਸਰਕਾਰੀ ਰਿਕਾਰਡ ਫਾਰਸੀ ਵਿੱਚ ਰੱਖੇ ਜਾਂਦੇ ਸਨ। ਪੰਜਾਬ ਦੇ ਸਾਰੇ ਵੱਡੇ ਸ਼ਹਿਰਾਂ ਵਿਚ ਉਰਦੂ,ਅਰਬੀ ਅਤੇ ਫਾਰਸੀ ਮਸਜਿਦਾਂ ਦੇ ਨਾਲ ਲੱਗਦੇ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਸੀ ,ਪੰਜਾਬੀ ਹਿੰਦੀ ਅਤੇ ਸੰਸਕ੍ਰਿਤ ਦੀ ਵਿੱਦਿਆ ਦਾ ਪ੍ਰਬੰਧ ਗੁਰਦੁਆਰੇ ਅਤੇ ਮੰਦਰ ਦੇ ਨਾਲ ਲੱਗੀਆਂ ਪਾਠਸ਼ਾਲਾਵਾਂ ਵਿੱਚ ਹੁੰਦਾ ਸੀ। ਇਹ ਸੰਸਥਾਵਾਂ ਸਰਕਾਰੀ ਨਹੀਂ ਸਨ ਸਗੋਂ ਪ੍ਰਾਈਵੇਟ ਹੱਥਾਂ ਵਿੱਚ ਸਨ ਇਸ ਲਈ ਆਮ ਬੰਦੇ ਤੱਕ ਵਿੱਦਿਆ ਦਾ ਪਹੁੰਚਣਾ ਮੁਸ਼ਕਿਲ ਸੀ।
ਮਹਾਰਾਜਾ ਰਣਜੀਤ ਸਿੰਘ ਆਪ ਭਾਵੇਂ ਅਨਪੜ੍ਹ ਸਨ ਪਰ ਆਪਣੀ ਪਰਜਾ ਵਿੱਚ ਵਿੱਦਿਆ ਦੇ ਪਸਾਰ ਵਿੱਚ ਡੂੰਘੀ ਦਿਲਚਸਪੀ ਰੱਖਦੇ ਸਨ, ਇਸ ਲਈ ਉਹ ਇਹਨਾਂ ਵਿੱਦਿਅਕ ਸੰਸਥਾਵਾਂ ਨੂੰ ਗ੍ਰਾਂਟਾਂ ਅਤੇ ਜਗੀਰਾਂ ਦੇਂਦੇ ਸਨ।ਕਿਹਾ ਜਾਂਦਾ ਹੈ ਕਿ ਉਸ ਸਮੇਂ ਪੰਜਾਬ ਵਿੱਚ ਲਗਭਗ 18 ਕੁੜੀਆਂ ਦੇ ਸਕੂਲ ਸਨ। ਮਹਾਰਾਜੇ ਦੀ ਰਾਣੀ ਮੋਰਾਂ ਸਰਕਾਰ ਨੇ ਵੀ ਕੁੜੀਆਂ ਦੇ ਦੋ ਸਕੂਲ ਖੋਲ੍ਹੇ ਸਨ।ਇਕ ਕੁੜੀਆਂ ਦਾ ਸਕੂਲ ਪਾਪੜ ਮੰਡੀ ਲਾਹੌਰ ਵਿੱਚ ਮਸਜਿਦ ਦੇ ਨਾਲ ਹਾਲੇ ਵੀ ਚੱਲਦਾ ਹੈ ਅੱਜਕਲ ਉਥੇ ਸਿਲਾਈ ਕਢਾਈ ਕਰਵਾਈ ਜਾਂਦੀ ਹੈ । ਸ਼ੇਰੇ ਪੰਜਾਬ ਚਾਹੁੰਦੇ ਸਨ ਕਿ ਉਹਨਾਂ ਦੀ ਪਰਜਾ ਦਾ ਹਰ ਬੰਦਾ ਫਾਰਸੀ, ਅੰਗਰੇਜ਼ੀ ,ਅਰਬੀ, ਗੁਰਮੁੱਖੀ ਅਤੇ ਹਿਸਾਬ ਦੀ ਮੁੱਢਲੀ ਜਾਣਕਾਰੀ ਰੱਖਦਾ ਹੋਵੇ।ਆਪਣੀਆਂ ਮੁਸ਼ਕਿਲਾਂ ਦੀ ਜਾਣਕਾਰੀ ਮਹਾਰਾਜੇ ਤਕ ਪੁਚਾਉਣ ਵਾਸਤੇ ਚਿੱਠੀ ਪੱਤਰ ਲਿਖ ਸਕਦਾ ਹੋਵੇ, ਅਤੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਵੇ, ਮਹਾਰਾਜਾ ਰਣਜੀਤ ਸਿੰਘ ਜੀ ਚਾਹੁੰਦੇ ਸਨ ਕਿ ਵਿੱਦਿਆ ਸਿਰਫ਼ ਸ਼ਹਿਰਾਂ ਤੱਕ ਹੀ ਸੀਮਤ ਨਾ ਰਹੇ ਬਲਕਿ ਪੇਂਡੂ ਇਲਾਕਿਆਂ ਵਿੱਚ ਵੀ ਇਸ ਦਾ ਪ੍ਰਸਾਰ ਹੋ ਸਕੇ ।
ਕਾਇਦਾ ਏ ਨੂਰ
ਪੇਂਡੂ ਲੋਕਾਂ ਨੂੰ ਸਿੱਖਿਅਤ ਕਰਨ ਦੇ ਉਦੇਸ਼ ਨਾਲ ਉਨ੍ਹਾਂ ਨੇ 'ਕਾਇਦਾ ਪ੍ਰਣਾਲੀ' ਸ਼ੁਰੂ ਕੀਤੀ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਵਿਦੇਸ਼ ਮੰਤਰੀ ਫ਼ਕੀਰ ਅਜੀਜ਼ੁਉਦਦੀਨ ਦੇ ਛੋਟੇ ਭਰਾ ਜਨਰਲ ਫ਼ਕੀਰ ਸਈਅਦ ਨੂਰਉਦਦੀਨ ਨੂੰ ਇਸ ਬਾਬਤ ਇੱਕ ਪਾਠ -ਕ੍ਰਮ ਤਿਆਰ ਕਰਨ ਲਈ ਕਿਹਾ। ਫ਼ਕੀਰ ਸਈਅਦ ਨੂਰਉਦਦੀਨ ਪੜ੍ਹਿਆ ਲਿਖਿਆ ਵਿਦਵਾਨ ਆਦਮੀ ਸੀ, ਉਸ ਨੇ ਕਾਇਦਾ ਏ ਨੂਰ ਨਾਮਕ ਕਾਇਦਾ ਤਿਆਰ ਕੀਤਾ ਜਿਸ ਵਿੱਚ ਗੁਰਮੁਖੀ, ਸ਼ਾਹਮੁਖੀ, ਉਰਦੂ, ਫ਼ਾਰਸੀ ਵਰਗੀਆਂ ਭਾਰਤੀ ਭਾਸ਼ਾਵਾਂ ਅਤੇ ਗਣਿਤ ਦਾ ਮੁੱਢਲਾ ਗਿਆਨ ਸੀ। ਕਾਇਦੇ ਨੂੰ ਗੂਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਬਣਾਇਆ ਗਿਆ ਸੀ।ਮਹਾਰਾਜੇ ਨੇ ਕਾਇਦੇ ਨੂਰ ਦੀਆਂ ਪੰਜ ਹਜ਼ਾਰ ਕਾਪੀਆਂ ਲਿਖਵਾ ਕੇ ਸਾਰੇ ਪੰਜਾਬ ਵਿੱਚ ਵੰਡੀਆਂ ਸਨ, ਅਤੇ ਇਹ ਤਾਕੀਦ ਕੀਤੀ ਸੀ ਹੈ ਹਰ ਬੰਦਾ ਇਸ ਨੂੰ ਪੜਨ ਤੋਂ ਬਾਅਦ ਅੱਗੋਂ ਪੰਜ ਬੰਦਿਆਂ ਨੂੰ ਲਿਖ ਕੇ ਦੇਵੇਗਾ ਅਤੇ ਉਹ ਪੰਜ ਅੱਗੋਂ ਫੇਰ ਪੰਜਾ ਨੂੰ । ਮਹਾਰਾਜੇ ਨੇ ਹੁਕਮ ਅਦੂਲੀ ਕਰਨ ਵਾਲੇ ਮੁਖੀਆਂ ਜਾਂ ਨੰਬਰਦਾਰਾਂ ਨੂੰ ਉਹਨਾਂ ਦੇ ਪਦ ਤੋਂ ਹਟਾ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਇੱਕ ਲੜੀ ਚੱਲ ਪਈ,ਜਿਸ ਕਾਰਨ ਕੁਝ ਹੀ ਸਮੇਂ ਵਿੱਚ ਪੰਜਾਬ ਦੀ ਕਾਫੀ ਜ਼ਿਆਦਾ ਵਸੋਂ ਪੜ੍ਹੀ ਲਿਖੀ ਹੋ ਗਈ ਸੀ। ਜਿਹੜਾ ਬੰਦਾ ਇਸ ਕਾਇਦੇ ਨੂੰ ਪੜ੍ਹਦਾ ਸੀ ਉਹ ਤਿੰਨ ਮਹੀਨਿਆਂ ਵਿੱਚ ਚਾਰੇ ਭਾਸ਼ਾਵਾਂ ਬੋਲਣੀ, ਪੜ੍ਹਨੀ ਤੇ ਲਿਖਣੀ ਸਿੱਖ ਜਾਂਦਾ ਸੀ।ਇਸ ਤਰ੍ਹਾਂ ਇਹ ਕਾਇਦਾ ਪ੍ਰਣਾਲੀ ਸਿੱਖਿਆ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਮੀਲ ਪੱਥਰ ਸਾਬਤ ਹੋਈ। ਅੰਗਰੇਜ਼ਾਂ ਦੇ ਸਰਵੇ ਅਨੁਸਾਰ ਪੰਜਾਬ ਵਿਚ 78% ਅਤੇ ਲਾਹੌਰ ਵਿਚ 87ਪ੍ਰਤੀਸ਼ਤ ਪੰਜਾਬੀ ਪੜ੍ਹੇ-ਲਿਖੇ ਸਨ।
ਅੰਗਰੇਜ਼ਾ ਦੇ ਆਉਣ ਤੋਂ ਬਾਅਦ
ਅੰਗਰੇਜ਼ਾ ਨੇ Gw leitner ਨੂੰ ਪੰਜਾਬ ਦਾ ਵਿੱਦਿਅਕ ਢਾਂਚਾ ਖਤਮ ਕਰਨ ਲਈ ਪੰਜਾਬ ਬੁਲਾਇਆ ਜੋ 24 ਭਾਸ਼ਾਵਾਂ ਪਾਣੀ ਵਾਂਗੂੰ ਬੋਲ ਲੈਂਦਾ ਸੀ।ਜਦੋਂ ਉਸਨੇ ਇਹ ਕਾਇਦਾ ਵੇਖਿਆ ਤਾਂ ਉਸਨੂੰ ਅਹਿਸਾਸ ਹੋ ਗਿਆ ਕਿ ਜਿਹਨਾਂ ਚਿਰ ਇਹ ਕਾਇਦਾ ਪੰਜਾਬ ਦੇ ਲੋਕਾਂ ਵਿੱਚ ਰਹੇਗਾ ਅਸੀਂ ਆਪਨੀ ਵਿੱਦਿਅਕ ਪ੍ਰਣਾਲੀ ਇਹਨਾਂ ਤੇ ਨਹੀਂ ਥੋਪ ਸਕਦੇ। ਨਤੀਜੇ ਵਜੋਂ ਅੰਗਰੇਜ਼ਾਂ ਨੇ ਇਸ ਦੀਆਂ ਸਾਰੀਆਂ ਕਾਪੀਆਂ ਲੋਕਾਂ ਨੂੰ ਲਾਲਚ ਦੇ ਕੇ ਪ੍ਰਤੀ ਕਾਪੀ ਛੇ ਆਨੇ ਮੁੱਲ ਤਾਰ ਕੇ ਸਾਰੇ ਰਾਜ ਵਿੱਚੋਂ ਇਕੱਠੀਆਂ ਕਰ ਲਈਆਂ ਅਤੇ ਨਸ਼ਟ ਕਰ ਦਿੱਤੀਆਂ ਸਨ। ਜਾਣਕਾਰੀ ਮੁਤਾਬਕ ਅੱਜ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਕਾਇਦੇ ਨੂਰ ਦੀ ਕੋਈ ਕਾਪੀ ਨਹੀਂ ਮਿਲਦੀ।
ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਕਿਉਂਕਿ ਫਾਰਸੀ ਵਿੱਚ ਸਭ ਕੰਮ ਹੁੰਦੇ ਸਨ ,ਸਰਕਾਰੀ ਨੌਕਰੀ ਵੀ ਓਸਨੂੰ ਮਿਲਦੀ ਸੀ ਜਿਸਨੂੰ ਫਾਰਸੀ ਆਉਂਦੀ ਹੋਵੇ ।
ਅੱਜ-ਕੱਲ੍ਹ ਪੰਜਾਬੀ ਦਾ ਜੋ ਹਾਲ ਹੈ, ਪੰਜਾਬ ਵਿੱਚ ਅਤੇ ਪੰਜਾਬ ਤੋਂ ਬਾਹਰ ਰਹਿੰਦੇ ਬੱਚਿਆਂ ਲਈ ਕਾਇਦੇ ਨੂਰ ਵਰਗੇ ਕਾਇਦੇ ਦੀ ਬਹੁਤ ਲੋੜ ਹੈ।