ਹਰੀ ਕ੍ਰਾਂਤੀ - ਪੰਜਾਬ ਦੇ ਖੇਤੀਬਾੜੀ ਸੈਕਟਰ ਦੀ ਤਬਾਹੀ

 ਕਿਸਾਨ ਸਾਥੀਓ! ਹਰੀ-ਕ੍ਰਾਂਤੀ ਨੂੰ ਕ੍ਰਾਂਤੀ ਕਿਹਾ ਗਿਆ ਹੈ। ਕੀ ਹਰੀ-ਕ੍ਰਾਂਤੀ ਸੱਚਮੁੱਚ ਹੀ ਕ੍ਰਾਂਤੀ ਹੈ ? ਕ੍ਰਾਂਤੀ ਦਾ ਕੀ ਅਰਥ ਹੈ ? ਕ੍ਰਾਂਤੀ ਦਾ ਅਰਥ ਹੈ ਅਹਿੰਸਕ ਨਵ-ਨਿਰਮਾਣ। ਕ੍ਰਾਂਤੀ ਦਾ ਪਰਿਣਾਮ ਵਿਨਾਸ਼ ਨਹੀਂ ਹੁੰਦਾ। ਕ੍ਰਾਂਤੀ ਤਾਂ ਸਿਰਜਣ ਕ੍ਰਿਆ ਹੈ। ਕ੍ਰਾਂਤੀ ਦਾ ਉਦੇਸ਼ ਹੁੰਦਾ ਹੈ-ਮਨੁੱਖੀ ਸਮਾਜ ਨੂੰ ਰਾਖਸ਼ੀ ਤੱਤਾਂ ਤੋਂ ਦੈਵੀ ਤੱਤਾਂ ਵੱਲ ਲੈ ਜਾਣਾ।



ਪਰ ਹਰੀ-ਕ੍ਰਾਂਤੀ ਤਾਂ ਹਿੰਸਾ ਦੀ ਰੂਪਾਂਤਰਣ ਕ੍ਰਿਆ ਹੈ, ਨਵ-ਨਿਰਮਾਣ ਦੀ ਨਹੀਂ। ਰਸਾਇਣਕ ਖਾਦਾਂ ਅਤੇ ਜ਼ਹਿਰੀਲੀਆਂ ਕੀੜੇ ਮਾਰ ਦਵਾਈਆਂ ਦੀ ਵਰਤੋਂ ਨਾਲ ਧਰਤੀ ਵਿਚਲੇ ਕਰੋੜਾਂ ਜੀਵ-ਜੰਤੂਆਂ ਦਾ ਵਿਨਾਸ਼, ਅਨੇਕਾਂ ਪੰਛੀਆਂ ਦਾ ਵਿਨਾਸ਼ ਅਤੇ ਕੈਂਸਰ, ਸ਼ੂਗਰ, ਦਿਲ ਦੀਆਂ ਬਿਮਾਰੀਆਂ ਅਤੇ ਏਡਜ਼ ਵਰਗੀਆਂ ਭਿਆਨਕ ਬਿਮਾਰੀਆਂ ਰਾਹੀਂ ਮਾਨਵ ਦਾ ਵਿਨਾਸ਼। ਅੱਜ ਤੋਂ 40 ਸਾਲ ਪਹਿਲਾਂ ਜਿਹੜੀ ਧਰਤੀ ਬਿਨਾਂ ਖਾਦਾਂ ਅਤੇ ਕੀੜੇ ਮਾਰ ਦਵਾਈਆਂ ਦੇ ਪੂਰਨ ਤੌਰ 'ਤੇ ਉਪਜਾਊ ਸੀ ਹੁਣ ਉਹੀ ਧਰਤੀ ਹਰੀ-ਕ੍ਰਾਂਤੀ ਕਾਰਨ ਬੰਜਰ ਅਤੇ ਅਣ-ਉਪਜਾਊ ਬਣ ਗਈ ਹੈ। ਉਸ ਭੂਮੀ ਵਿਚ ਹੁਣ ਘਾਹ ਵੀ ਨਹੀਂ ਉਗਦੀ ਜਾਂ ਹੁਣ ਸਿਰਫ਼ ਦਸ ਟਨ ਗੰਨਾ ਜਾਂ ਪੰਜ ਕੁਇੰਟਲ ਕਣਕ ਪ੍ਰਤੀ ਏਕੜ ਹੁੰਦੀ ਹੈ। ਲੱਖਾਂ ਏਕੜ ਜ਼ਮੀਨ ਐਸੀ ਹੈ ਜਿਥੇ ਘਾਹ ਵੀ ਪੈਦਾ ਨਹੀਂ ਹੁੰਦਾ ਹੈ। ਪੰਜਾਹ ਸਾਲ ਪਹਿਲਾਂ ਸ਼ੂਗਰ, ਹਾਰਟ-ਅਟੈਕ, ਕੈਂਸਰ ਅਤੇ ਏਡਜ਼ ਵਰਗੀਆਂ ਬਿਮਾਰੀਆਂ ਦਾ ਇਕ-ਅੱਧ ਮਰੀਜ਼ ਹੀ ਹੁੰਦਾ ਸੀ। ਪਰ ਅੱਜ ਇਹ ਲਾ ਇਲਾਜ ਬਿਮਾਰੀਆਂ ਏਨੀ ਤੇਜ਼ੀ ਨਾਲ ਵਧ ਰਹੀਆਂ ਹਨ ਕਿ ਲੱਗਦਾ ਹੈ ਮਨੁੱਖ ਵਿਨਾਸ਼ ਦੇ ਕਿਨਾਰੇ 'ਤੇ ਖੜ੍ਹਾ ਹੈ। ਇਸ ਦਾ ਕੀ ਕਾਰਨ ਹੈ ?


ਇਸ ਦਾ ਕਾਰਨ ਹੈ ਜ਼ਹਿਰੀਲੀ ਵਿਨਾਸ਼ਕਾਰੀ ਹਰੀ-ਕ੍ਰਾਂਤੀ। ਹਰੀ- ਕ੍ਰਾਂਤੀ ਦਾ ਨਤੀਜਾ ਕੇਵਲ ਖ਼ਾਤਮਾ ਹੈ। ਧਰਤੀ, ਜੀਵ-ਜੰਤੂ, ਵਾਤਾਵਰਣ ਅਤੇ ਮਨੁੱਖੀ ਸਿਹਤ ਦਾ ਖ਼ਾਤਮਾ। ਜੇਕਰ ਹਰੀ-ਕ੍ਰਾਂਤੀ ਦਾ ਅੰਤਮ ਨਤੀਜਾ ਖ਼ਾਤਮਾ ਹੀ ਹੈ ਤਾਂ ਉਸ ਨੂੰ ਕ੍ਰਾਂਤੀ ਕਿਵੇਂ ਕਿਹਾ ਜਾ ਸਕਦਾ ਹੈ ? 


ਹਰੀ ਕ੍ਰਾਂਤੀ, ਕ੍ਰਾਂਤੀ ਨਹੀਂ ਹੈ, ਇਕ ਵਿਨਾਸ਼ਕਾਰੀ ਵਿਸ਼ਵ-ਵਿਆਪੀ ਸਾਜਿਸ਼ ਹੈ। ਕਿਸਾਨਾਂ ਅਤੇ ਪੇਂਡੂ ਅਰਥ-ਵਿਵਸਥਾ ਦਾ ਸ਼ੋਸ਼ਣ ਹੀ ਹਰੀ-ਕ੍ਰਾਂਤੀ ਦਾ ਇੱਕੋ ਇਕ ਮਕਸਦ ਹੈ।


ਹਰੀ-ਕ੍ਰਾਂਤੀ ਦਾ ਨਿਰਮਾਣ ਕਿਵੇਂ ਹੋਇਆ? ਦੁਨੀਆਂ ਵਿੱਚ ਕੁਝ ਅਜਿਹੇ ਲੋਕ ਹਨ, ਜੋ ਬਿਨਾਂ ਮਿਹਨਤ ਕੀਤਿਆਂ ਆਪਣੀ ਜਾਇਦਾਦ ਵਧਾਉਣਾ ਚਾਹੁੰਦੇ ਹਨ। ਉਹ ਆਪਣੇ ਆਪ ਨੂੰ ਜਾਇਦਾਦ ਬਣਾਉਣ ਵਿੱਚ ਸਭ ਤੋਂ ਅੱਗੇ ਰੱਖਣਾ ਚਾਹੁੰਦੇ ਹਨ। ਸੰਪੱਤੀ ਦਾ ਨਿਰਮਾਣ ਕਰਨ ਦੀ ਸਮਰੱਥਾ ਤਾਂ ਈਸ਼ਵਰ ਨੇ ਮਨੁੱਖ ਦੇ ਹੱਥ ਵਿੱਚ ਨਹੀਂ ਦਿੱਤੀ। ਇਹ ਤਾਂ ਕੁਦਰਤ ਦੇ ਹੱਥ ਵਿੱਚ ਹੈ। ਜੇਕਰ ਮਨੁੱਖ ਨਿਰਮਾਣ ਕਰ ਹੀ ਨਹੀਂ ਸਕਦਾ ਤਾਂ ਸੰਪੱਤੀ ਕਿਵੇਂ ਵਧਾਈਏ ? ਹੁਣ ਤੁਸੀਂ ਸੰਪੱਤੀ ਵਧਾਉਣਾ ਚਾਹੁੰਦੇ ਹੋ ਅਤੇ ਜੇਕਰ ਇਹ ਸਮਰੱਥਾ ਤੁਹਾਡੇ ਵਿੱਚ ਨਹੀਂ ਹੈ ਤਾਂ ਕਿਧਰੋਂ ਚੋਰੀ ਕਰੋ, ਲੁੱਟ-ਮਾਰ ਕਰੋ ਜਾਂ ਸ਼ੋਸ਼ਣ ਕਰਕੇ ਸੰਪੱਤੀ ਇਕੱਠੀ ਕਰੋ। ਇਹੀ ਹੋਇਆ ਹੈ। ਉਨ੍ਹਾਂ ਨੇ ਸੰਪੱਤੀ ਵਧਾਉਣ ਦਾ ਰਸਤਾ ਸ਼ੋਸ਼ਣ ਕਰਨਾ ਚੁਣਿਆ ਹੈ। ਲੇਕਿਨ ਸ਼ੋਸ਼ਣ ਕਿਥੋਂ ਹੋਵੇਗਾ ? ਸਪੱਸ਼ਟ ਹੈ ਉਥੋਂ ਹੀ ਜਿਥੇ ਨਿਰਮਾਣ ਹੁੰਦਾ ਹੈ।


ਨਿਰਮਾਣ ਸਿਰਫ਼ ਖੇਤੀ ਵਿੱਚ ਹੁੰਦਾ ਹੈ। ਜੇਕਰ ਕਣਕ ਜਾਂ ਚੌਲਾਂ ਦਾ ਇਕ ਦਾਣਾ ਬੀਜਿਆ ਜਾਂਦਾ ਹੈ, ਤਾਂ ਉਸ ਵਿੱਚ ਹਜ਼ਾਰਾਂ ਦਾਣੇ ਮਿਲਦੇ ਹਨ। ਨਿਰਮਾਣ ਖੇਤੀ ਵਿੱਚ ਹੁੰਦਾ ਹੈ ਅਤੇ ਸ਼ੋਸ਼ਣ ਵੀ ਖੇਤੀ ਵਿੱਚ ਹੀ ਹੁੰਦਾ ਹੈ। ਕਾਰਖ਼ਾਨੇ ਵਿੱਚ ਸ਼ੋਸ਼ਣ ਨਹੀਂ ਹੁੰਦਾ ਕਿਉਂਕਿ ਕਾਰਖ਼ਾਨੇ ਵਿੱਚ ਨਿਰਮਾਣ ਕ੍ਰਿਆ ਨਹੀਂ ਹੁੰਦੀ, ਸਿਰਫ਼ ਰੂਪਾਂਤਰਣ ਕ੍ਰਿਆ ਹੁੰਦੀ ਹੈ। ਕਾਰਖ਼ਾਨੇ ਵਿੱਚ ਜੇਕਰ ਸੌ ਕਿਲੋ ਕੱਚਾ-ਮਾਲ ਪਾਇਆ ਜਾਂਦਾ ਹੈ ਤਾਂ ਨਿਕਲਣ ਵਾਲੀ ਚੀਜ਼ ਸੌ ਕਿਲੋ ਦੀ ਨਹੀਂ ਹੁੰਦੀ-ਉਹ ਨੱਬੇ ਜਾਂ ਪਚਾਨਵੇਂ ਕਿਲੋ ਦੀ ਹੁੰਦੀ ਹੈ। ਉਹ ਘਟ ਜਾਂਦੀ ਹੈ। ਇਸ ਲਈ ਕਾਰਖ਼ਾਨੇ ਵਿੱਚ ਸ਼ੋਸ਼ਣ ਨਹੀਂ ਹੈ। ਸ਼ੋਸ਼ਣ ਸਿਰਫ਼ ਖੇਤੀ ਅਤੇ ਪੇਂਡੂ ਅਰਥ-ਵਿਵਸਥਾ ਦਾ ਹੀ ਹੁੰਦਾ ਹੈ। ਇਸ ਤਰ੍ਹਾਂ ਉਨ੍ਹਾਂ ਵੱਲੋਂ ਆਪਣਾ ਇਕ ਵਿਸ਼ਵ-ਵਿਆਪੀ ਲੋਟੂ ਢਾਂਚਾ ਬਣਾਇਆ, ਜਿਸ ਨੂੰ ਉਨ੍ਹਾਂ ਨੇ ਹਰੀ-ਕ੍ਰਾਂਤੀ ਦਾ ਨਾਮ ਦਿੱਤਾ।


ਉਨ੍ਹਾਂ ਨੇ ਸੋਚਿਆ ਜੇਕਰ ਕਿਸਾਨਾਂ ਦਾ ਸ਼ੋਸ਼ਣ ਕਰਨਾ ਹੈ ਤਾਂ ਜ਼ਰੂਰੀ ਹੈ ਕਿ ਉਹ ਖ਼ਰੀਦਣ ਲਈ ਸ਼ਹਿਰ ਆਵੇ। ਜੇਕਰ ਕਿਸਾਨ ਕੁੱਝ ਸਾਧਨ ਖ਼ਰੀਦਣ ਲਈ ਸ਼ਹਿਰ ਆਵੇਗਾ ਤਾਂ ਹੀ ਪਿੰਡ ਦਾ ਪੈਸਾ ਸ਼ਹਿਰ ਵਿੱਚ ਪਹੁੰਚੇਗਾ। ਉਹ ਚਾਹੁੰਦੇ ਹਨ ਕਿ ਖੇਤੀ ਦਾ ਕੋਈ ਵੀ ਸਾਧਨ ਪਿੰਡ ਦਾ ਬਣਿਆ ਹੋਇਆ ਨਾ ਹੋਵੇ। ਇਸ ਤੋਂ ਵੀ ਅੱਗੇ ਪਿੰਡਾਂ ਵਿੱਚ ਵਰਤੀ ਜਾਣ ਵਾਲੀ 

ਕਈ ਵੀ ਵਸਤੂ ਪਿੰਡਾਂ ਵਿੱਚ ਨਹੀਂ ਬਣਨੀ ਚਾਹੀਦੀ। ਅਗਰ ਅਜਿਹਾ ਹੋਵੇ ਤਾਂ ਹੀ ਪਿੰਡ ਦਾ ਹਰੇਕ ਵਿਅਕਤੀ ਖੇਤੀ ਵਿੱਚ ਵਰਤਣ ਵਾਲੀਆਂ ਅਤੇ ਨਿੱਤ ਵਰਤੋਂ ਦੀਆਂ ਵਸਤਾਂ ਖ਼ਰੀਦਣ ਲਈ ਸ਼ਹਿਰ ਆਵੇਗਾ। ਹਰੀ-ਕ੍ਰਾਂਤੀ ਨੂੰ ਚਲਾਉਣ ਵਾਲੇ ਇਹ ਚਾਹੁੰਦੇ ਹਨ ਕਿ ਪਿੰਡਾਂ ਵਿੱਚ ਨਿਆਂ ਪੰਚਾਇਤਾਂ ਨਾ ਕਰਨ। ਨਿਆਂ ਲੈਣ ਲਈ ਪਿੰਡ ਵਾਸੀਆਂ ਨੂੰ ਸ਼ਹਿਰਾਂ ਵਿੱਚ ਹੀ ਆਉਣਾ ਪਵੇ। ਸ਼ਹਿਰਾਂ ਦੀ ਨਿਆਂ-ਪ੍ਰਣਾਲੀ ਇੰਨੀ ਗੁੰਝਲਦਾਰ ਹੈ ਕਿ ਛੋਟੇ ਛੋਟੇ ਮਸਲਿਆਂ ਵਿੱਚ ਨਿਆਂ ਲੈਣ ਲਈ ਵੀ ਪੇਂਡੂ ਸਾਲਾਂ ਤਕ ਕਚਹਿਰੀਆਂ ਦੇ ਚੱਕਰ ਲਾਉਂਦੇ ਰਹਿੰਦੇ ਹਨ ਅਤੇ ਆਪਣੇ ਖੂਨ-ਪਸੀਨੇ ਦੀ ਕਮਾਈ ਲੁਟਾਉਣ ਲਈ ਮਜ਼ਬੂਰ ਹੁੰਦੇ ਹਨ। ਨਿਆਂ-ਦੇਵਤਾ ਦੀਆਂ ਅੱਖਾਂ 'ਤੇ ਪੱਟੀ ਬੰਨ੍ਹੀ ਹੋਈ ਹੈ। ਪੰਚਾਇਤ ਨੂੰ ਤਾਂ ਕੀ ਸਾਰੇ ਪਿੰਡ ਨੂੰ ਪਤਾ ਹੁੰਦਾ ਹੈ ਕਿ ਜਦੋਂ ਵੀ ਕੋਈ ਆਪਸੀ ਝਗੜਾ ਹੁੰਦਾ ਹੈ ਤਾਂ ਉਸਦੀ ਸੱਚਾਈ ਕੀ ਹੈ ? ਇਸ ਲਈ ਪੰਚਾਇਤ ਲਈ ਨਿਆਂ ਕਰਨਾ ਬਹੁਤ ਆਸਾਨ ਹੈ। ਇਸ ਲਈ ਨਿਆਂ ਦੇ ਦੇਵਤਾ ਦੀਆਂ ਅੱਖਾਂ 'ਤੇ ਪੱਟੀ ਹੈ ਕਿਉਂਕਿ ਉਸ ਨੂੰ ਸੱਚ ਦਾ ਨਹੀਂ ਪਤਾ। ਸੱਚ ਦੱਸਣ ਲਈ ਵਕੀਲ ਹਨ। ਗੁਨਾਹ ਕਰਨ ਵਾਲੇ ਦੇ ਵਕੀਲ ਲਈ ਗੁਨਾਹਗਾਰ ਸੱਚਾ ਹੈ ਅਤੇ ਗੁਨਾਹ ਦਾ ਸ਼ਿਕਾਰ ਹੋਏ ਵਿਅਕਤੀ ਦੇ ਵਕੀਲ ਲਈ ਉਸਦਾ ਗਾਹਕ। ਸਿੱਟੇ ਦੇ ਤੌਰ 'ਤੇ ਤਹਿਸੀਲ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤਕ ਸਾਲਾਂ ਬੱਧੀ ਨਿਆਂ ਲੈਣ ਦੀ ਪ੍ਰਕਿਰਿਆ ਵਿੱਚ ਪੇਂਡੂਆਂ ਦਾ ਆਰਥਕ ਸ਼ੋਸ਼ਣ ਹੁੰਦਾ ਰਹਿੰਦਾ ਹੈ।


ਹਰੀ-ਕ੍ਰਾਂਤੀ ਦਾ ਇਕ ਹੀ ਮਕਸਦ ਸੀ ਕਿ ਪਿੰਡ ਦੇ ਕਿਸਾਨ ਜਾਂ ਮਜ਼ਦੂਰ ਨੂੰ ਸਿਹਤ ਸਹੂਲਤਾਂ ਲੈਣ ਲਈ ਸ਼ਹਿਰ ਵਿੱਚ ਆਉਣ ਲਈ ਮਜ਼ਬੂਰ ਹੋਣਾ ਪਵੇ। ਪਿੰਡਾਂ ਵਿੱਚ ਸਵਾਸਥ ਸੇਵਾਵਾਂ ਨਾ ਹੋਣ। ਕੁਦਰਤ ਨੇ ਮਨੁੱਖ ਨੂੰ ਬਿਮਾਰੀਆਂ ਨਾਲ ਲੜਣ ਲਈ ਅਦਭੁੱਤ ਸਿਹਤ ਸ਼ਕਤੀ ਦਾ ਵਰਦਾਨ ਦਿੱਤਾ ਹੈ। ਇਹ ਪ੍ਰਤੀ-ਰੋਧਕ ਸ਼ਕਤੀ ਮਨੁੱਖ ਨੂੰ ਬਿਮਾਰੀਆਂ ਲੱਗਣ ਤੋਂ ਬਚਾਉਂਦੀ ਹੈ। ਸਾਡੀਆਂ ਅੰਤੜੀਆਂ ਅਤੇ ਹੋਰ ਅੰਗਾਂ ਵਿੱਚ ਐਸੇ ਸੂਖ਼ਮ ਦੋਸਤ ਜੀਵ ਹੁੰਦੇ ਹਨ ਜੋ ਸਾਡੇ ਸਰੀਰ ਨੂੰ ਬਿਮਾਰੀਆਂ ਨਾਲ ਲੜਣ ਲਈ ਸ਼ਕਤੀ ਦੇਂਦੇ ਹਨ। ਡਾਕਟਰਾਂ ਰਾਹੀਂ ਦਿੱਤੇ ਜਾਣ ਵਾਲੇ ਤੇਜ਼ ਐਂਟੀ-ਬਾਇਓਟਿਕਸ ਦਵਾਈਆਂ ਨਾਲ ਸੂਖਮ ਜੀਵਾਂ ਦਾ ਖ਼ਾਤਮਾ ਹੋ ਜਾਂਦਾ ਹੈ। ਜਿਸ ਤਰ੍ਹਾਂ ਹਰੀ- ਕ੍ਰਾਂਤੀ ਨੇ ਖੇਤੀ ਵਿੱਚ ਤੇਜ਼ ਰਸਾਇਣ ਵਰਤ ਕੇ ਦੋਸਤ ਜੀਵਾਂ ਦਾ ਖ਼ਾਤਮਾ ਕੀਤਾ ਹੈ, ਉਸੇ ਤਰ੍ਹਾਂ ਹੀ ਇਸ ਮਾਡਲ ਨੇ ਅੰਗਰੇਜ਼ੀ ਇਲਾਜ-ਪ੍ਰਣਾਲੀ ਰਾਹੀਂ ਸਾਡੇ ਅੰਦਰ ਦੋਸਤ ਜੀਵਾਂ ਦਾ ਖ਼ਾਤਮਾ ਕਰਨ ਦੀ ਸਾਜਿਸ਼ ਰਚੀ ਹੈ। ਸਿੱਟੇ ਦੇ ਤੌਰ 'ਤੇ ਸਾਡੇ ਸਰੀਰ ਦੀ ਪ੍ਰਤੀ-ਰੋਧਕ ਸ਼ਕਤੀ ਨਸ਼ਟ ਹੋਣ ਕਰਕੇ ਸਾਰੇ ਜਾਨ-ਲੇਵਾ ਬਿਮਾਰੀਆਂ ਹੋ ਰਹੀਆਂ ਹਨ। ਮੋਰ ਦੇ ਡਰ ਤੋਂ ਸਾਨੂੰ ਇਕ ਮਹਿੰਗੀਆਂ ਅੰਗਰੇਜ਼ੀ ਦਵਾਈਆਂ ਖ਼ਰੀਦਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ; ਜਿਸ ਕਾਰਨ ਤੇਜ਼ੀ ਨਾਲ ਪੈਸਾ ਪਿੰਡਾਂ ਤੋਂ ਸ਼ਹਿਰਾਂ ਵਿੱਚ ਜਾ ਰਿਹਾ ਹੈ। ਸਾਡੀਆਂ ਆਪਣੀਆਂ ਸਿਹਤ ਵਿਵਸਥਾਵਾਂ-ਯੂਨਾਨੀ, ਆਯੁਰਵੈਦ ਹੈਮਿਓਪੈਥੀ, ਯੋਗਾ, ਐਕੂਪ੍ਰੈਸਰ ਅਤੇ ਮਸਾਜ ਆਦਿ ਨੂੰ ਜਾਣ-ਬੁੱਝ ਕੇ ਪਿੱਛੇ ਸੁਟਿਆ ਜਾ ਰਿਹਾ ਹੈ। ਐਲੋਪੈਥੀ ਦੀ ਪੜ੍ਹਾਈ ਨੂੰ ਇੰਨਾ ਮਹਿੰਗਾ ਬਣਾ ਦਿੱਤਾ ਗਿਆ ਹੈ ਕਿ ਕਿਸੇ ਸਾਧਾਰਣ ਕਿਸਾਨ ਦਾ ਬੱਚਾ ਉਹ ਸਿੱਖਿਆ ਨਾ ਸਕੇ, ਪਿੰਡਾਂ ਵਿੱਚ ਸਸਤੀ ਸਿਹਤ ਵਿਵਸਥਾ ਨਾ ਮਿਲ ਸਕੇ ਅਤੇ ਮਜ਼ਬੂਰਨ ਆਮ ਆਦਮੀ ਨੂੰ ਮਹਿੰਗੀ ਡਾਕਟਰੀ ਸਹਾਇਤਾ ਲੈਣ ਲਈ ਆਪਣੇ ਪੇਟ ਤੇ ਪੱਟੀ ਬੰਨ੍ਹ ਕੇ ਜਾਂ ਸਭ ਕੁੱਝ ਵੇਚ-ਵੱਟ ਕੇ ਜਾਂ ਗਹਿਣੇ ਧਰ ਕੇ ਮਹਿੰਗੀ ਡਾਕਟਰੀ ਸਹਾਇਤਾ ਲੈਣ ਲਈ ਸ਼ਹਿਰ ਵਿੱਚ ਹੀ ਆਉਣਾ ਪਵੇ।


ਹਰੀ-ਕ੍ਰਾਂਤੀ ਦੇ ਨਿਰਮਾਤਾਵਾਂ ਨੂੰ ਪਤਾ ਲੱਗਾ ਕਿ ਕਿਸਾਨ ਤਾਂ ਖ਼ਰੀਦਣ ਲਈ ਸ਼ਹਿਰ ਆਉਂਦਾ ਹੀ ਨਹੀਂ। ਉਹ ਖੁਦ ਸੰਭਾਲੇ ਦੇਸੀ ਈ ਨੂੰ ਬੀਜਦਾ ਹੈ, ਦੇਸੀ ਗਾਂ ਦਾ ਗੋਬਰ ਅਤੇ ਮੂਤਰ ਖਾਦ ਦੇ ਤੌਰ 'ਤੇ ਵ ਹੈ, ਗਊ-ਮੂਤਰ ਅਤੇ ਨਿੰਮ ਦੀਆਂ ਪੱਤੀਆਂ ਨੂੰ ਦਵਾਈਆਂ ਦੇ ਰੂਪ ਵਰਤਦਾ ਹੈ। ਸ਼ਹਿਰ ਵਿੱਚ ਉਹ ਸਿਰਫ਼ ਆਪਣੀ ਫ਼ਸਲ ਨੂੰ ਵੇਚਣ ਲਈ ਹੀ ਆਉਂਦਾ ਹੈ। ਇਹ ਮੈਂ ਸੌ ਸਾਲ ਪਹਿਲਾਂ ਇਨ੍ਹਾਂ ਦੀ ਗੱਲ ਕਰ ਰਿਹਾ ਹਾਂ। ਉਨ੍ਹਾਂ ਲਈ ਜ਼ਰੂਰੀ ਸੀ ਕਿ ਉਹ ਕਿਸਾਨਾਂ ਨੂੰ ਹਰ ਹੀਲੇ-ਵਸੀਲੇ ਖ਼ਰੀਦਦਾਰ ਬਣਾਉਣ। ਉਨ੍ਹਾਂ ਨੇ ਸੋਚਿਆ ਕਿ ਕਿਸਾਨ ਤਾਂ ਸ਼ਰਧਾਲੂ ਸੁਭਾਅ ਦਾ ਹੁੰਦਾ ਹੈ। ਉਹ ਜਿਥੇ ਵੀ ਚਮਤਕਾਰ ਦੇਖਦਾ ਹੈ ਉਥੇ ਹੀ ਨਮਸਕਾਰ ਕਰਨ ਲੱਗ ਪੈਂਦਾ ਹੈ, ਮੱਥੇ ਟੇਕਣ ਲੱਗ ਪੈਂਦਾ ਹੈ। ਉਨ੍ਹਾਂ ਨੇ ਸੋਚਿਆ ਕਿ ਭਾਰਤੀ ਕਿਸਾਨ ਦੇਸੀ ਬੀਜ ਬੀਜਦਾ ਹੈ, ਉਨ੍ਹਾਂ ਬੀਜਾਂ ਤੋਂ ਪੈਦਾਵਾਰ ਘੱਟ ਹੁੰਦੀ ਹੈ। ਜਿਸ ਤਰ੍ਹਾਂ ਦੇਸੀ ਧਾਨ ਦੀਆਂ ਕਿਸਮਾਂ ਤੋਂ ਪ੍ਰਤੀ ਏਕੜ 15- 18 ਕੁਇੰਟਲ ਜੀਰੀ ਪੈਦਾ ਹੁੰਦੀ ਹੈ। ਦੇਸੀ ਕਣਕ ਦੀਆਂ ਕਿਸਮਾਂ ਤੋਂ 6- 10 ਕੁਇੰਟਲ ਪ੍ਰਤੀ ਏਕੜ ਕਣਕ ਪੈਦਾ ਹੁੰਦੀ ਹੈ। ਜੇਕਰ ਉਸਨੂੰ ਇਹੋ ਜਿਹਾ ਚਮਤਕਾਰੀ ਬੀਜ ਦਿੱਤਾ ਜਾਵੇ ਜਿਸ ਤੋਂ ਪ੍ਰਤੀ ਏਕੜ 40-50 ਕੁਇੰਟਲ ਜੀਰੀ ਜਾਂ ਕਣਕ ਪੈਦਾ ਹੋ ਸਕੇ ਤਾਂ ਸ਼ਰਧਾਲੂ ਕਿਸਾਨ ਇਹ ਚਮਤਕਾਰ ਦੇਖ ਕੇ ਜ਼ਰੂਰ ਹੀ ਮੱਥਾ ਟੇਕ ਕੇ ਉਸ ਬੀਜ ਨੂੰ ਖ਼ਰੀਦੇਗਾ। ਉਸ ਦੇ ਅੰਦਰ ਦਾ ਲਾਲਚ ਉਸ ਨੂੰ ਇਹ ਬੀਜ ਖ਼ਰੀਦਣ ਲਈ ਮਜ਼ਬੂਰ ਕਰੇਗਾ। ਉਹ ਜ਼ਰੂਰ 

ਹੀ ਵੱਧ ਪੈਦਾਵਾਰ ਦੇਣ ਵਾਲਾ ਮਹਿੰਗਾ ਬੀਜ ਖ਼ਰੀਦਣ ਲਈ ਸ਼ਹਿਰ ਆਵੇਗਾ। ਇਸ ਤਰ੍ਹਾਂ ਪਿੰਡਾਂ ਦਾ ਪੈਸਾ ਸ਼ਹਿਰ ਆਵੇਗਾ।


ਉਨ੍ਹਾਂ ਦੀ ਯੋਜਨਾ ਇਕੱਲੇ ਬੀਜਾਂ ਤਕ ਹੀ ਸੀਮਤ ਨਹੀਂ ਸੀ। ਉਹ ਐਸਾ ਢਾਂਚਾ ਖੜ੍ਹਾ ਕਰਨਾ ਚਾਹੁੰਦੇ ਸਨ ਜਿਸ ਵਿੱਚ ਕਿਸਾਨ ਵਾਰ-ਵਾਰ ਹਰੇਕ ਵਸਤੂ ਜਾਂ ਸਾਧਨ ਖ਼ਰੀਦਣ ਲਈ ਸ਼ਹਿਰ ਆਵੇ। ਉਨ੍ਹਾਂ ਨੇ ਸਭ ਤੋਂ ਪਹਿਲਾਂ ਵੱਧ ਪੈਦਾਵਾਰ ਦੇਣ ਵਾਲੇ ਮਹਿੰਗੇ ਬੀਜ ਪੈਦਾ ਕੀਤੇ। ਹੁਣ ਇਨ੍ਹਾਂ ਬੀਜਾਂ ਤੋਂ ਵੱਧ ਪੈਦਾਵਾਰ ਲੈਣ ਲਈ ਇਨ੍ਹਾਂ ਵਿੱਚ ਵੱਧ ਰਸਾਇਣਕ ਖਾਦਾਂ ਪਾਉਣੀਆਂ ਜ਼ਰੂਰੀ ਹਨ। ਉਸ ਤੋਂ ਬਿਨਾਂ ਇਹ ਵੱਧ ਪੈਦਾਵਾਰ ਨਹੀਂ ਦੇ ਸਕਦੇ । ਇਸ ਤਰ੍ਹਾਂ ਉਨਾਂ ਨੇ ਮਹਿੰਗੀਆਂ ਰਸਾਇਣਕ ਖਾਦਾਂ ਖ਼ਰੀਦਣਾ ਕਿਸਾਨਾਂ ਦੀ ਮਜ਼ਬੂਰੀ ਬਣਾ ਦਿੱਤਾ। ਫਿਰ ਪਤਾ ਲੱਗਾ ਕਿ ਇਨ੍ਹਾਂ ਬੀਜਾਂ ਤੋਂ ਪੈਦਾ ਹੋਈਆਂ ਫ਼ਸਲਾਂ ਦੀ ਕੀੜਿਆਂ ਤੋਂ ਬਚਣ ਦੀ ਪ੍ਰਤੀਰੋਧਕ ਸ਼ਕਤੀ ਨਾਂ-ਮਾਤਰ ਹੀ ਹੈ। ਹੁਣ ਮਜ਼ਬੂਰੀ ਵਸ ਮਹਿੰਗੇ ਬੀਜਾਂ ਅਤੇ ਰਸਾਇਣਕ ਖਾਦਾਂ ਦੇ ਨਾਲ ਅਤਿ ਮਹਿੰਗੀਆਂ ਅਤੇ ਬੇਹੱਦ ਜ਼ਹਿਰੀਲੀਆਂ ਕੀੜੇਮਾਰ ਦਵਾਈਆਂ ਖ਼ਰੀਦਣਾ ਵੀ ਕਿਸਾਨ ਦੀ ਲੋੜ ਬਣ ਗਈ। ਰਸਾਇਣਕ ਖਾਦਾਂ ਨਾਲ ਧਰਤੀ ਸੀਮਿੰਟ ਵਰਗੀ ਸਖ਼ਤ ਹੋ ਗਈ। ਇਸ ਲਈ ਕਿਸਾਨ ਦਾ

ਆਪਣਾ ਬਣਾਇਆ ਹਲ ਕੰਡਮ ਹੋ ਗਿਆ ਅਤੇ ਉਸ ਦੀ ਥਾਂ 'ਤੇ ਉਸਨੂੰ ਟਰੈਕਟਰ ਖ਼ਰੀਦਣਾ ਪਿਆ।


ਇਸ ਤਰ੍ਹਾਂ ਕਿਸਾਨ ਰਸਾਇਣਕ ਖਾਦਾਂ, ਕੀੜੇਮਾਰ, ਉੱਲੀ-ਨਾਸ਼ਕ,ਨਦੀਨ-ਨਾਸ਼ਕ, ਟੈਕਟਰ ਅਤੇ ਉਸ ਨਾਲ ਜੁੜੇ ਹੋਰ ਸੰਦ ਵਰਤਣ ਦਾ ਗੁਲਾਮ ਹੋ ਗਿਆ, ਇਹ ਸਭ ਕੁੱਝ ਖ਼ਰੀਦਣ ਵਾਸਤੇ ਇਨ੍ਹਾਂ ਨੂੰ ਬਣਾਉਣ ਅਤੇ ਵੇਚਣ ਵਾਲੇ ਸ਼ਹਿਰੀ ਅਮੀਰਾਂ 'ਤੇ ਨਿਰਭਰ ਹੋ ਗਿਆ। ਇਹ ਸਭ ਕੁੱਝ ਜਿਥੇ ਅਤਿ ਮਹਿੰਗਾ ਵੇਚਿਆ ਜਾਂਦਾ ਹੈ ਉਥੇ ਇਨ੍ਹਾਂ ਦੀ ਵਰਤੋਂ ਨੇ ਧਰਤੀ ਨੂੰ ਬੰਜਰ ਅਤੇ ਬੇਜਾਨ ਬਣਾ ਦਿੱਤਾ ਹੈ। ਪਿੰਡਾਂ ਦਾ ਪੈਸਾ ਤੇਜ਼ੀ ਨਾਲ ਸ਼ਹਿਰਾਂ ਵੱਲ ਜਾਣ ਲੱਗਾ।


ਇਨ੍ਹਾਂ ਚੀਜ਼ਾਂ ਨੂੰ ਖ਼ਰੀਦਣ ਲਈ ਕਿਸਾਨ ਪਾਸ ਤਾਂ ਇੰਨੇ ਪੈਸੇ ਨਹੀਂ


ਹਨ। ਉਹ ਕਿਵੇਂ ਖ਼ਰੀਦੇ ? ਪੈਸਾ ਕਮਾਉਣ ਵਾਲਿਆਂ ਨੇ ਕਿਸਾਨਾਂ ਨੂੰ ਪੈਸੇ


ਉਧਾਰ ਦੇਣ ਦਾ ਢਾਂਚਾ ਖੜ੍ਹਾ ਕਰ ਦਿੱਤਾ। ਕਰਜ਼ੇ ਦੇਣ ਦੀ ਵਿਵਸਥਾ ਵੀ


ਲੈ ਆਂਦੀ ਗਈ। ਇਸ ਤਰ੍ਹਾਂ ਬੀਜ, ਖਾਦਾਂ, ਦਵਾਈਆਂ, ਸੰਦ ਖ਼ਰੀਦਣ ਲਈ


ਉਸ ਨੂੰ ਸ਼ਹਿਰਾਂ ਵਿੱਚ ਘੜੀਸ ਲਿਆਉਣ ਦੀ ਵਿਵਸਥਾ ਦਾ ਨਿਰਮਾਣ


ਕੀਤਾ ਗਿਆ। ਇਸੇ ਦਾ ਨਾਮ ਹੈ ਹਰੀ-ਕ੍ਰਾਂਤੀ।

0 Comments


ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥੩॥

ਸਿੱਖ ਕਤਲੇਆਮ 1984