ਟੈਲੀਵਿਜ਼ਨ ਅਤੇ ਇੰਟਰਨੈੱਟ ਬੱਚਿਆਂ ਨੂੰ ਬਹੁਤ ਛੇਤੀ ਜਵਾਨ ਕਰ ਰਹੇ ਹਨ । ਜਿਨ੍ਹਾਂ ਗੱਲਾਂ ਦਾ ਉਨ੍ਹਾਂ ਨੂੰ ਜਵਾਨੀ ਦੀ ਉਮਰ ਵਿੱਚ ਪਹੁੰਚ ਕੇ ਪਤਾ ਲੱਗਦਾ ਸੀ, ਉਹ ਗੱਲਾਂ ਉਨ੍ਹਾਂ ਨੂੰ ਟੈਲੀਵਿਜ਼ਨ ਅਤੇ ਇੰਟਰਨੈੱਟ ਦੀਆਂ ਅਸ਼ਲੀਲ ਸਾਈਟਾਂ ਜਵਾਨੀ ਦੀ ਉਮਰ ਤੋਂ ਪਹਿਲਾਂ ਹੀ ਸਿਖਾ ਰਹੀਆਂ ਹਨ । ਇਸ ਕਾਰਨ ਉਹ ਕਈ ਤਰ੍ਹਾਂ ਦੀਆਂ ਬੁਰਾਈਆਂ ਵਿੱਚ ਉਲਝ ਜਾਂਦੇ ਹਨ । ਉਨ੍ਹਾਂ ਦੇ ਅੰਦਰ ਪੈਦਾ ਹੋਈ ਅਸ਼ਲੀਲਤਾ ਨੂੰ ਭੋਗਣ ਦੀ ਪ੍ਰਵਿਰਤੀ ਤਾਂਗ ਉਨ੍ਹਾਂ ਨੂੰ ਭੈੜੀ ਸੰਗਤ ਦਾ ਸ਼ਿਕਾਰ ਬਣਾ ਦਿੰਦੀ ਹੈ ।
ਉਹ ਜ਼ਿੰਦਗੀ ਨੂੰ ਬਰਬਾਦ ਕਰ ਬੈਠਦੇ ਹਨ । ਉਹ ਆਪਣੇ ਜੀਵਨ ਦੇ ਮਕਸਦ ਤੋਂ ਭਟਕ ਜਾਂਦੇ ਹਨ । ਨਸ਼ੇ ਅਤੇ ਏਡਜ਼ ਜਿਹੀਆਂ ਬਰਬਾਦ ਕਰਨ ਵਾਲੀਆਂ ਭੈੜੀਆਂ ਅਲਾਮਤਾਂ ਉਨ੍ਹਾਂ ਨੂੰ ਚਿੰਬੜ ਜਾਂਦੀਆਂ ਹਨ । ਨੌਜਵਾਨ ਮੁੰਡੇ-ਕੁੜੀਆਂ ਦੀਆਂ ਵਿਗੜ ਰਹੀਆਂ ਆਦਤਾਂ ਨੇ ਸਿੱਖਿਆ ਸੰਸਥਾਵਾਂ ਅਤੇ ਮਾਪਿਆਂ ਦੇ ਮਨਾਂ ਵਿੱਚ ਬੇਚੈਨੀ ਦਾ ਵਾਤਾਵਰਨ ਪੈਦਾ ਕਰ ਦਿੱਤਾ ਹੈ । ਅਧਿਆਪਕ ਵਰਗ ਬੱਚਿਆਂ ਦੀਆਂ ਵਿਗੜ ਰਹੀਆਂ ਆਦਤਾਂ ਤੋਂ ਪ੍ਰੇਸ਼ਾਨ ਹੈ । ਮਾਪਿਆਂ ਨੂੰ ਜਵਾਨ ਬੱਚਿਆਂ ਨੂੰ ਆਪਣੇ ਘਰਾਂ ਵਿੱਚ ਇਕੱਲੇ ਛੱਡਣਾ ਔਖਾ ਹੋ ਰਿਹੈ । ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਕਿ ਉਹ ਕੀ ਕਰਨ, ਕੀ ਨਾ ਕਰਨ ।
ਪੰਜਾਬ ਦੇ ਨੌਜਵਾਨਾਂ ਨੇ ਆਪਣੇ ਸੱਭਿਆਚਾਰ ਤੋਂ ਕਿਨਾਰਾ ਕਰ ਪੱਛਮੀ ਸੱਭਿਆਚਾਰ ਦੀ ਨਕਲ ਕਰ ਕੇ ਐਸ਼-ਪ੍ਰਸਤੀ ਵਿੱਚ ਡੁੱਬਣ ਸ਼ੁਰੂ ਕਰ ਦਿੱਤਾ ਹੈ । ਬਾਹਵਾਂ ’ਤੇ ਟੈਟੂ ਖੁਣਵਾ ਕੇ,ਜੈੱਲ ਨਾਲ ਵਾਲ ਖੜ੍ਹੇ ਕਰਕੇ, ਕੰਨਾਂ ਵਿੱਚ ਮੁੰਦਰਾਂ ਪਾ ਕੇ, ਸਮਾਰਟ ਫ਼ੋਨਾਂ ਨਾਲ ਲੈਸ, ਮੋਟਰਸਾਈਕਲ 'ਤੇ ਤਿੰਨ ਜਾਂ ਕਈ ਵਾਰ ਚਾਰ ਤਕ ਨੌਜਵਾਨ ਸਵਾਰ' ਹੋ ਕੇ ਸਕੂਲਾਂ, ਕਾਲਜਾਂ, ਬੱਸ ਅੱਡਿਆਂ ਤੇ ਬਜ਼ਾਰਾਂ ਵਿੱਚ ਹਨੇਰੀ ਵਾਂਗ ਘੁੰਮਦੇ ਆਮ ਦੇਖੇ ਜਾ ਸਕਦੇ ਹਨ। ਇਹ ਸਾਡੀਆਂ ਜਵਾਨ ਕੁੜੀਆਂ ਨੂੰ ਪ੍ਰਭਾਵਿਤ ਕਰਨ ਦਾ ਸਿਰਤੋੜ ਯਤਨ ਕਰਦੇ ਹਨ। ਹੁਣ ਤਾਂ ਕੁੜੀਆਂ ਵੀ ਪੱਛਮੀ ਪਹਿਰਾਵੇ ਦੀ ਮਾਰ ਹੇਠ ਰੰਗ ਬਿਰੰਗੇ ਅੰਗ ਪ੍ਰਦਰਸ਼ਨੀ ਕਰਨ ਵਾਲ਼ੇ ਕੱਪੜੇ ਪਾ ਕੇ ਆਪਣੇ ਆਪ ਨੂੰ ਮਾਡਰਨ ਕਹਾਉਣਾ ਪਸੰਦ ਕਰਦੀਆਂ ਹਨ। ਇਸ ਤਰ੍ਹਾਂ ਦੇ ਪਹਿਰਾਵੇ ਨਾਲ਼ ਸਾਡੇ ਬੱਚਿਆਂ ਵਿੱਚ ਕਾਮ ਵਾਸਨਾ ਵਧਦੀ ਜਾ ਰਹੀ ਹੈ ਜਿਸਦੇ ਨਤੀਜੇ ਵਜੋਂ ਲਵ ਮੈਰਿਜ, ਹੱਥਰਸੀ ਦੀ ਆਦਤ ਪੈਣਾ, ਰੇਪ ਵਧਣੇ, ਘਰਾਂ ਵਿੱਚ ਰਿਸ਼ਤੇ ਖ਼ਰਾਬ ਹੋਣੇ ਆਦਿ ਦਾ ਸਾਡੇ ਸਮਾਜ ਵਿੱਚ ਵਾਧਾ ਹੋ ਰਿਹਾ ਹੈ।ਅਸਲ ਵਿੱਚ ਇਹ ਸਾਡੇ ਸਮਾਜ ਦੇ ਰੁੱਖ ਦਾ ਫਲ ਹਨ। ਟੀ.ਵੀ., ਇੰਟਰਨੈੱਟ ਰਾਹੀਂ ਮੁੰਡੇ-ਕੁੜੀਆਂ ਨੂੰ ਗੈਰ-ਜ਼ਿੰਮੇਵਾਰ, ਉਕਸਾਊ ਜੀਵਨ-ਸ਼ੈਲੀ ਦੇ ਦ੍ਰਿਸ਼ 24 ਘੰਟੇ ਦੇਖਣ ਲਈ ਉਪਲੱਬਧ ਹਨ। ਉਨ੍ਹਾਂ ਦਾ ਇਸ ਵਿੱਚ ਫਸ ਜਾਣਾ ਸੁਭਾਵਿਕ ਹੈ। ਵਿਹਲੇ ਮੁੰਡਿਆਂ ਨੂੰ ਸਮਾਰਟ ਫ਼ੋਨ ਤੇ ਮੋਟਰਸਾਈਕਲ ਦੇਣ ਵਾਲੇ ਮਾਪੇ ਵੀ ਬਰਾਬਰ ਦੇ ਜ਼ਿੰਮੇਵਾਰ ਹਨ। ਲੰਮਾ ਸਮਾਂ ਜਾਣ-ਬੁੱਝ ਕੇ ਸਕੂਲ ਤੋਂ ਗ਼ੈਰ-ਹਾਜ਼ਰ ਰਹਿਣ ਵਾਲੇ ਵਿਦਿਆਰਥੀਆਂ ਦੇ ਨਾਂ ਨਾ ਕੱਟਣ, ਅਨੁਸ਼ਾਸ਼ਨ ਭੰਗ ਕਰਨ ਵਾਲਿਆਂ ਖਿਲਾਫ਼ ਕੋਈ ਕਾਰਵਾਈ ਨਾ ਕਰ ਸਕਣ ਦੀ ਅਧਿਆਪਕ ਦੀ ਮਜਬੂਰੀ ਦੀ ਰੱਜ ਕੇ ਦੁਰਵਰਤੋਂ ਹੋਣ ਲੱਗ ਪਈ ਹੈ। ਅਜਿਹੇ ਵਿਦਿਆਰਥੀ ਜਿੱਥੇ ਆਪ ਨਹੀਂ ਪੜ੍ਹਦੇ, ਉੱਥੇ ਉਹ ਕਲਾਸ ਨੂੰ ਵੀ ਪੜ੍ਹਨ ਨਹੀਂ ਦਿੰਦੇ।
ਇਸਦਾ ਹੱਲ ਕੀ ਹੈ ?
ਸਭ ਤੋਂ ਮੁੱਢਲਾ ਹੱਲ ਹੈ ਕਿ ਆਪਣੇ ਬੱਚਿਆਂ ਨੂੰ ਮੋਬਾਈਲ ਅਤੇ ਟੀਵੀ ਤੋਂ ਜਿਹਨਾਂ ਦੂਰ ਰੱਖ ਸਕਦੇ ਹੋ ਰੱਖੋ ਓਹਨਾਂ ਨੂੰ ਸਰੀਰਕ ਮਨੋਰੰਜਨ ਦਿਓ ਨਾਂ ਕਿ ਸੋਸ਼ਲ ਮੀਡੀਆ ਰਾਹੀ ਨਕਲ਼ੀ ਮਨੋਰੰਜਨ। ਓਹਨਾਂ ਦੀ ਖੇਡਣ ਵਿੱਚ ਰੁਚੀ ਵਧਾਓ ਜਿਹੜੀਆਂ ਤੁਸੀ ਬਚਪਨ ਵਿੱਚ ਖੇਡਦੇ ਸੀ ਕਿਉਂਕਿ ਅੱਜ ਕੱਲ ਦੀਆਂ ਤਾਂ ਖੇਡਾਂ ਵੀ ਬਹੁਤ ਮਹਿੰਗੀਆਂ ਹਨ ।
ਦੂਜਾ ਓਹਨਾਂ ਨੂੰ ਸ਼ੁਰੂ ਤੋਂ ਗੁਰਬਾਣੀ ਨਾਲ਼ ਜੋੜੋ। ਗੁਰਬਾਣੀ ਨਾਲ਼ ਜੁੜ ਕੇ ਬਚਿਆਂ ਦਾ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਤੇ ਕਾਬੂ ਪਾਉਣਾ ਆਸਾਨ ਹੋ ਜਾਵੇਗਾ। ਅਤੇ ਆਪਣੇ ਇਤਿਹਾਸ ਨਾਲ ਜੁੜੇ ਰਹਿਣਗੇ।
ਆਪਣੇ ਅਤੇ ਆਪਣੇ ਬਚਿਆਂ ਦੇ ਪਹਿਰਾਵੇ ਵਿੱਚ ਸਾਦਗੀ ਲੈਕੇ ਆਉਣੀ ਅਤਿ ਜਰੂਰੀ ਹੈ। ਸਾਨੂੰ ਗੂਰੂ ਸਾਹਿਬ ਨੇ ਇਸ ਲਈ ਸਾਦਾ ਪਹਿਰਾਵਾ ਬਖਸ਼ਿਆ ਸੀ ਤਾਂ ਜੋ ਸਾਡੇ ਵਿੱਚ ਇੱਕ ਦੂਜੇ ਨੂੰ ਵੇਖ਼ ਕੇ ਅਸ਼ਲੀਲਤਾ ਵਾਲਾ ਮਾਹੌਲ ਨਾ ਸਿਰਜ ਸਕੇ। ਤੁਸੀਂ ਜਿਹਨਾਂ ਜਿਆਦਾ ਸਜ ਧਜ ਕੇ ਰਹੋਗੇ ਓਹਨਾਂ ਹੀ ਤੁਹਾਡੇ ਅੰਦਰ ਆਪਣੇ ਆਪ ਨੂੰ ਸੋਹਣਾ ਦਿਖਾਉਣ ਦਾ ਮਾਨਸਿਕ ਤਣਾਅ ਵਧੇਗਾ।
ਜੇਕਰ ਅਸੀਂ ਇਹਨਾਂ ਗੱਲਾਂ ਤੇ ਅਮਲ ਕਰ ਲਈਏ ਤਾਂ ਜਿਹੜਾ ਪੰਜਾਬ ਆਪਣੇ ਕਿਰਦਾਰਾਂ ਲਈ ਜਾਣਿਆ ਜਾਂਦਾ ਸੀ ਉਸ ਨੂ ਅਸੀਂ ਦੁਬਾਰਾ ਹਕੀਕਤ ਵਿੱਚ ਲਿਆ ਸਕਦੇ ਹਾਂ।
0 Comments